ਭੁੱਚੋ ਮੰਡੀ (ਬਠਿੰਡਾ), 8 ਸਤੰਬਰ (ਪਰਵਿੰਦਰ ਸਿੰਘ ਜੌੜਾ)-ਬੀਤੀ ਰਾਤ ਇੱਥੋਂ ਦੇ ਗੁਰਦੁਆਰਾ ਸਿੰਘ ਸਭਾ ਦੇ ਪਿਛਲੇ ਪਾਸੇ ਦੇ ਰਿਹਾਇਸ਼ੀ ਖੇਤਰ ਵਿਚ ਇਕ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਗੁਲਜ਼ਾਰ ਸਿੰਘ ਪੁੱਤਰ ਸੁਖਦੇਵ ਸਿੰਘ (69) ਬਰਖਾਸਤ ਪਟਵਾਰੀ ਵਜੋਂ ਹੋਈ ਹੈ, ਜੋ ਮੂਲ ਰੂਪ ਵਿਚ ਨਜ਼ਦੀਕੀ ਪਿੰਡ ਪੂਹਲਾ ਦਾ ਰਹਿਣ ਵਾਲਾ ਸੀ, ਪ੍ਰੰਤੂ ਪਿਛਲੇ ਅਰਸੇ ਤੋਂ ਭੁੱਚੋ ਮੰਡੀ ਵਿਖੇ ਰਹਿ ਰਿਹਾ ਸੀ। ਘਟਨਾ ਬੀਤੀ ਰਾਤ ਕਰੀਬ 10.15 ਤੋਂ 1030 ਵਿਚਕਾਰ ਦੀ ਹੈ। ਮ੍ਰਿਤਕ ਆਪਣੇ ਘਰ ਵਿਚ ਇਕੱਲਾ ਹੀ ਰਹਿ ਰਿਹਾ ਸੀ। ਘਟਨਾ ਸਥਾਨ ਦੇ ਜਾਇਜ਼ੇ ਤੋਂ ਜਾਪਦਾ ਹੈ ਕਿ ਮੁਲਜ਼ਮਾਂ ਦੀ ਗਿਣਤੀ 4 ਜਾਂ 5 ਹੋ ਸਕਦੀ ਹੈ। ਮੁਲਜ਼ਮਾਂ ਵਲੋਂ ਤੇਜ਼ਧਾਰ ਅਤੇ ਮਾਰੂ ਹਥਿਆਰਾਂ ਨਾਲ ਬਜ਼ੁਰਗ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਤੇ ਮੌਕੇ ਤੋਂ ਫਰਾਰ ਹੋ ਗਏ। ਬਜ਼ੁਰਗ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੁਲਜ਼ਾਰ ਸਿੰਘ ਦੇ 3 ਬੱਚੇ ਹਨ, ਜਿਨ੍ਹਾਂ ’ਚੋਂ 2 ਲੜਕੀਆਂ ਵਿਆਹੀਆਂ ਹੋਈਆਂ ਹਨ ਤੇ ਲੜਕਾ ਆਪਣੀ ਮਾਂ ਤੇ ਪਰਿਵਾਰ ਸਮੇਤ ਡੇਰਾਬੱਸੀ ਵਿਖੇ ਰਹਿੰਦਾ ਹੈ। ਪੁਲਿਸ ਵਲੋਂ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ ਹੈ। ਬਠਿੰਡਾ ਪੁਲਿਸ ਦੇ ਸੀ. ਆਈ. ਏ-1 ਅਤੇ ਸੀ. ਆਂਈ. ਏ-2 ਵਲੋਂ ਮਾਮਲਾ ਸੁਲਝਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ।
ਭੁੱਚੋ ਵਿਖੇ ਇਕੱਲੇ ਰਹਿੰਦੇ ਬਰਖਾਸਤ ਪਟਵਾਰੀ ਦਾ ਬੇਰਹਿਮੀ ਨਾਲ ਕਤਲ
ਭੁੱਚੋ ਵਿਖੇ ਇਕੱਲੇ ਰਹਿੰਦੇ ਬਰਖਾਸਤ ਪਟਵਾਰੀ ਦਾ ਬੇਰਹਿਮੀ ਨਾਲ ਕਤਲ
ਅਜੀਤ ਡੈਸਕ
09-09-2026