25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸੀ.ਬੀ.ਆਈ. ਜਾਂਚ ਦੇ ਬਾਵਜੂਦ ਟਿੱਪਰਾਂ ਨੇ ਰਾਤ ਦੇ ਹਨੇਰੇ ਵਿਚ ਹਿਮਾਚਲ ਪ੍ਰਦੇਸ਼ ਵੱਲ ਕੀਤਾ ਰੁਖ਼

ਹਾਜੀਪੁਰ, 24 ਅਕਤੂਬਰ (ਜੋਗਿੰਦਰ ਸਿੰਘ)- ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਸੀ. ਬੀ.

ਅਜੀਤ ਡੈਸਕ 25-10-2026
ਹਾਜੀਪੁਰ, 24 ਅਕਤੂਬਰ (ਜੋਗਿੰਦਰ ਸਿੰਘ)- ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਸੀ.ਬੀ.ਆਈ. ਵਲੋਂ ਮੁਕੇਰੀਆਂ ਦੇ ਹਾਜੀਪੁਰ ਤੇ ਤਲਵਾੜਾ ਖੇਤਰਾਂ ਵਿਚ ਕਥਿਤ ਨਾਜਾਇਜ਼ ਮਾਈਨਿੰਗ ਦੀ ਜਾਂਚ ਤੇਜ਼ ਕੀਤੇ ਜਾਣ ਦੇ ਬਾਵਜੂਦ ਓਵਰਲੋਡ ਟਿੱਪਰਾਂ ਦੀ ਆਵਾਜਾਈ ’ਤੇ ਰੋਕ ਨਹੀਂ ਲੱਗ ਰਹੀ, ਇਸ ਦੀ ਤਾਜ਼ਾ ਮਿਸਾਲ ਮੁਕੇਰੀਆਂ ਹਾਈਡਲ ਨਹਿਰ ਨੇੜੇ ਸਥਿਤ ਆਰਡੀ-8880 ਪੁਲ ਕੋਲ ਸਾਹਮਣੇ ਆਈ, ਜਿੱਥੇ ਹਿਮਾਚਲ ਪ੍ਰਦੇਸ਼ ਤੋਂ ਮਾਈਨਿੰਗ ਸਮੱਗਰੀ ਲੈ ਕੇ ਆ ਰਿਹਾ ਇੱਕ ਓਵਰਲੋਡ ਟਿੱਪਰ ਪਲਟ ਗਿਆ । ਇਸ ਘਟਨਾ ਨੇ ਪ੍ਰਸ਼ਾਸਨਿਕ ਨਿਗਰਾਨੀ, ਭਾਰੀ ਵਾਹਨਾਂ ਦੀ ਆਵਾਜਾਈ ਤੇ ਨਹਿਰੀ ਢਾਂਚੇ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ । ਮੌਕੇ ’ਤੇ ਕਾਂਗਰਸ ਕਿਸਾਨ ਸੈੱਲ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ, ਗੁਰੂ ਨਾਨਕ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਕਿਰਪਾਲ ਸਿੰਘ ਗੇਰਾ ਤੇ ਸਾਬਕਾ ਸਰਪੰਚ ਗੁਰਦਿਆਲ ਸਿੰਘ ਉਲਾਹਾ ਨੇ ਦੋਸ਼ ਲਾਇਆ ਕਿ ਹਾਜੀਪੁਰ ਖੇਤਰ ਦੇ ਦਰਜਨ ਤੋਂ ਵੱਧ ਪਿੰਡਾਂ ਵਿਚ ਕਥਿਤ ਪ੍ਰਸ਼ਾਸਨਿਕ ਮਿਲੀਭੁਗਤ ਨਾਲ ਖੇਤੀਯੋਗ ਜ਼ਮੀਨਾਂ ਦੀ 150 ਫੁੱਟ ਤੱਕ ਡੂੰਘੀ ਖੁਦਾਈ ਕੀਤੀ ਗਈ ਹੈ । ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਲਗਭਗ 15 ਸਾਲਾਂ ਤੋਂ ਮਾਈਨਿੰਗ ਗਤੀਵਿਧੀਆਂ ਕਾਰਨ ਜ਼ਮੀਨੀ ਸਰੋਤਾਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਰਿਹਾ ਹੈ । ਆਗੂਆਂ ਅਨੁਸਾਰ, ਹਾਜੀਪੁਰ ਤੇ ਤਲਵਾੜਾ ਵਿਚ ਮਾਈਨਿੰਗ ਤੇ ਸਟੋਨ ਕਰੈਸ਼ਰਾਂ ਦੀਆਂ ਗਤੀਵਿਧੀਆਂ ’ਤੇ ਪਾਬੰਦੀਆਂ ਅਤੇ ਜਾਂਚ ਤੋਂ ਬਾਅਦ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਵੱਲ ਮਾਈਨਿੰਗ ਸਮੱਗਰੀ ਦੀ ਢੋਆ-ਢੁਆਈ ਵਧੀ ਹੈ । ਉਨ੍ਹਾਂ ਦੋਸ਼ ਲਾਇਆ ਕਿ ਸਰਹੱਦੀ ਪਿੰਡ ਠਾਕੁਰ ਬੇਲਾ ਦੇ ਸਟੋਨ ਕਰੈਸ਼ਰਾਂ ਤੋਂ ਸਮੱਗਰੀ ਲੈ ਕੇ ਆਉਣ ਵਾਲੇ ਟਿੱਪਰ ਨਹਿਰ ਦੇ ਕੰਢੇ ਬੰਦ ਕੀਤੇ ਰਸਤਿਆਂ ’ਤੇ ਪ੍ਰਸ਼ਾਸਨ ਵਲੋਂ ਪੁੱਟੇ ਟੋਏ ਪੂਰ ਕੇ ਲੰਘ ਰਹੇ ਹਨ । ਉਨ੍ਹਾਂ ਮੁਤਾਬਕ, ਕਾਨੂੰਨੀ ਕਾਰਵਾਈ ਤੋਂ ਬਚਣ ਲਈ ਰਾਤ ਸਮੇਂ ਵੀ ਭਾਰੀ ਵਾਹਨਾਂ ਦੀ ਆਵਾਜਾਈ ਕੀਤੀ ਜਾ ਰਹੀ ਹੈ । ਆਗੂਆਂ ਨੇ ਦੱਸਿਆ ਕਿ ਆਰਡੀ-8880 ਪੁਲ ਮੁਕੇਰੀਆਂ-ਤਲਵਾੜਾ ਸੰਪਰਕ ਸੜਕ ਨੂੰ ਨਹਿਰ ਦੀ ਪਟੜੀ ਨਾਲ ਜੋੜਦਾ ਹੈ ਤੇ ਇਸ ਦਾ ਨਿਰਮਾਣ ਨਹਿਰੀ ਚੈਨਲ ਦੇ ਨਿਰੀਖਣ ਲਈ ਕੀਤਾ ਗਿਆ ਸੀ। ਪੁਲ ’ਤੇ ਭਾਰੀ ਵਾਹਨਾਂ ਦੀ ਆਵਾਜਾਈ ਮਨਾਹੀ ਹੋਣ ਦੇ ਬਾਵਜੂਦ ਟਿੱਪਰਾਂ ਦੀ ਆਵਾਜਾਈ ਜਾਰੀ ਰਹਿਣ ਕਾਰਨ ਇਸ ਨੂੰ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਹੈ । ਉਨ੍ਹਾਂ ਚਿਤਾਵਨੀ ਦਿੱਤੀ ਕਿ ਪੁਲ ਦੀ ਸੰਰਚਨਾਤਮਕ ਸੁਰੱਖਿਆ ਪ੍ਰਭਾਵਿਤ ਹੋਣ ਨਾਲ ਹਾਈਡਲ ਪ੍ਰਾਜੈਕਟ ਦੀ ਕਾਰਗੁਜ਼ਾਰੀ ’ਤੇ ਅਸਰ ਪੈ ਸਕਦਾ ਹੈ । ਉਨ੍ਹਾਂ ਪੰਜ ਪਾਵਰ ਹਾਊਸਾਂ ਦੇ ਬੰਦ ਹੋਣ ਤੇ 225 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਵੀ ਪ੍ਰਗਟਾਇਆ । ਆਗੂਆਂ ਨੇ ਦੱਸਿਆ ਕਿ ਐੱਸ.ਡੀ.ਐੱਮ. ਮੁਕੇਰੀਆਂ ਵਲੋਂ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਪੁਲਿਸ ਨੂੰ ਪੱਕਾ ਨਾਕਾ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਸਨ, ਪਰ ਉਨ੍ਹਾਂ ਅਨੁਸਾਰ ਅਜੇ ਤੱਕ ਅਮਲ ਨਹੀਂ ਹੋਇਆ । ਉਨ੍ਹਾਂ ਮੁੱਖ ਮੰਤਰੀ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੱਕਾ ਪੁਲਿਸ ਨਾਕਾ ਲਗਾਉਣ, ਭਾਰ ਸੀਮਾ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਤੇ ਕਥਿਤ ਗੈਰਕਾਨੂੰਨੀ ਢੋਆ-ਢੁਆਈ ਵਿਚ ਸ਼ਾਮਿਲ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ ।
ਪਿਛਲੀ ਖ਼ਬਰ ਸ਼੍ਰੋਮਣੀ ਭਗਤ ਨਾਮਦੇਵ ਜੀ ਦਾ 756ਵਾਂ ਜਨਮ ਦਿਵਸ 20 ਨਵੰਬਰ ਨੂੰ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵਲੋਂ ਜਥੇਬੰਦਕ ਢਾਂਚੇ ’ਚ ਨਵੀਆਂ ਨਿਯੁਕਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।