ਵਿਧਾਨ ਸਭਾ ’ਚ ਵਧਦੀ ਕੁੜੱਤਣ ਵਿਚਾਲੇ ਯਾਦ ਆਉਣ ਲੱਗੇ ਮਰਹੂਮ ਪ੍ਰਕਾਸ਼ ਸਿੰਘ ਬਾਦਲ
ਵਿਕਰਮਜੀਤ ਸਿੰਘ ਮਾਨ ਚੰਡੀਗੜ੍ਹ, 24 ਅਕਤੂਬਰ- ਪੰਜਾਬ ਵਿਧਾਨ ਸਭਾ ਜਿਸਨੂੰ ਲੋਕਤੰਤਰ ਦੀਆਂ ਕਦਰਾਂ-ਕੀਮਤਾਂ, ਸਿਹਤਮੰਦ ਬਹਿਸ ਤੇ ਜਨਤਕ ਮੁੱਦਿਆਂ ’ਤੇ ਵਿਚਾਰ-ਵਟਾਂਦਰੇ ਦਾ ਅਹਿਮ ਮੰਚ ਮੰਨਿਆ ਜਾਂਦਾ ਹੈ, ਵਿਚ ਪਿਛਲੇ ਸਮੇਂ ਦੌਰਾਨ ਬਣੇ ਕੁੜੱਤਣ ਭਰੇ ਮਾਹੌਲ ਨੇ ਸਿਆਸੀ ਹਲਕਿਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਸੋਚਣ ਲਈ ਮਜਬੂਰ ਕੀਤਾ ਹੋਇਆ ਹੈ । ਸੱਤਾਧਾਰੀ ਧਿਰ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਵਿਚਾਲੇ ਤਿੱਖੀ ਬਿਆਨਬਾਜ਼ੀ, ਨਿੱਜੀ ਟਿੱਪਣੀਆਂ ਤੇ ਇਕ-ਦੂਜੇ ਵਿਰੁੱਧ ਦੂਸ਼ਣਬਾਜ਼ੀ ਦੇ ਦੌਰ ਵਿਚਾਲੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਸ਼ਖ਼ਸੀਅਤ ਤੇ ਉਨ੍ਹਾਂ ਦੇ ਸਿਆਸੀ ਵਿਹਾਰ ਦੀ ਚਰਚਾ ਵੀ ਹੋਣ ਲੱਗੀ ਹੈ।
ਅਜੀਤ ਡੈਸਕ
25-10-2026
ਚੰਡੀਗੜ੍ਹ, 24 ਅਕਤੂਬਰ- ਪੰਜਾਬ ਵਿਧਾਨ ਸਭਾ ਜਿਸਨੂੰ ਲੋਕਤੰਤਰ ਦੀਆਂ ਕਦਰਾਂ-ਕੀਮਤਾਂ, ਸਿਹਤਮੰਦ ਬਹਿਸ ਤੇ ਜਨਤਕ ਮੁੱਦਿਆਂ ’ਤੇ ਵਿਚਾਰ-ਵਟਾਂਦਰੇ ਦਾ ਅਹਿਮ ਮੰਚ ਮੰਨਿਆ ਜਾਂਦਾ ਹੈ, ਵਿਚ ਪਿਛਲੇ ਸਮੇਂ ਦੌਰਾਨ ਬਣੇ ਕੁੜੱਤਣ ਭਰੇ ਮਾਹੌਲ ਨੇ ਸਿਆਸੀ ਹਲਕਿਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਸੋਚਣ ਲਈ ਮਜਬੂਰ ਕੀਤਾ ਹੋਇਆ ਹੈ । ਸੱਤਾਧਾਰੀ ਧਿਰ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਵਿਚਾਲੇ ਤਿੱਖੀ ਬਿਆਨਬਾਜ਼ੀ, ਨਿੱਜੀ ਟਿੱਪਣੀਆਂ ਤੇ ਇਕ-ਦੂਜੇ ਵਿਰੁੱਧ ਦੂਸ਼ਣਬਾਜ਼ੀ ਦੇ ਦੌਰ ਵਿਚਾਲੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਸ਼ਖ਼ਸੀਅਤ ਤੇ ਉਨ੍ਹਾਂ ਦੇ ਸਿਆਸੀ ਵਿਹਾਰ ਦੀ ਚਰਚਾ ਵੀ ਹੋਣ ਲੱਗੀ ਹੈ। ਇਸ ਦੌਰਾਨ ‘ਅਜੀਤ’ ਨਾਲ ਗੱਲਬਾਤ ਕਰਦਿਆਂ ਵਿਧਾਨ ਸਭਾ ਦੇ ਪੁਰਾਣੇ ਮੁਲਾਜ਼ਮਾਂ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਸੁਭਾਅ, ਕੰਮ ਕਰਨ ਦੇ ਤਰੀਕੇ ਅਤੇ ਸਲੀਕੇ ਭਰੇ ਲਹਿਜ਼ੇ ਬਾਰੇ ਗੱਲਾਂ ਸਾਂਝੀਆਂ ਕਰਦਿਆਂ ਕਿਹਾ ਕਿ ਅੱਜ ਦੇ ਸਿਆਸਤਦਾਨ ਸਵ. ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਨਾਲ ਸਹਿਮਤ ਹੋਣਾ ਜਾਂ ਅਸਹਿਮਤ ਹੋਣ ਇਹ ਵੱਖਰਾ ਵਿਸ਼ਾ ਹੈ, ਪਰ ਉਨ੍ਹਾਂ ਦੇ ਸੁਭਾਅ ਤੇ ਲੋਕਾਂ ਨਾਲ ਵਿਚਰਨ ਦੇ ਢੰਗ ਨੂੰ ਅਕਸਰ ਉਨ੍ਹਾਂ ਦੀ ਸ਼ਖ਼ਸੀਅਤ ਦਾ ਅਹਿਮ ਪਹਿਲੂ ਮੰਨਿਆ ਜਾਂਦਾ ਰਿਹਾ ਹੈ। ਅੱਜ ਵੀ ਅਸੀਂ ਇਨ੍ਹਾਂ ਪਹਿਲੂਆਂ ਕਾਰਨ ਯਾਦ ਕਰਦੇ ਹਾਂ । ਇਕ ਪੁਰਾਣੇ ਅਧਿਕਾਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਸਿਆਸਤ ਵਿਚ ਕਈ ਦਹਾਕਿਆਂ ਤੱਕ ਅਹਿਮ ਭੂਮਿਕਾ ਨਿਭਾਈ । ਉਹ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਤੇ ਅਕਾਲੀ ਸਿਆਸਤ ਦੇ ਪ੍ਰਮੁੱਖ ਚਿਹਰਿਆਂ ਵਿਚੋਂ ਇਕ ਸਨ । ਉਨ੍ਹਾਂ ਦੇ ਲੰਮੇ ਸਿਆਸੀ ਸਫ਼ਰ ਦੌਰਾਨ ਕਈ ਵਾਰ ਸੱਤਾ ਅਤੇ ਵਿਰੋਧੀ ਧਿਰ ਵਿਚਾਲੇ ਤਿੱਖੇ ਟਕਰਾਅ ਵੀ ਹੋਏ, ਪਰ ਉਸ ਦੌਰਾਨ ਵੀ ਉਨ੍ਹਾਂ ਦਾ ਠੰਢਾ ਤੇ ਮਿੱਠਾ ਵਤੀਰਾ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਵੀ ਲਾਜਵਾਬ ਕਰ ਲੈਂਦਾ ਰਿਹਾ ਹੈ। ਵਿਧਾਨ ਸਭਾ ਦੀ ਕਾਰਵਾਈ ਨੂੰ ਨੇੜਿਉਂ ਦੇਖਣ ਵਾਲੇ ਪੁਰਾਣੇ ਮੈਂਬਰਾਂ ਤੇ ਮੁਲਾਜ਼ਮਾਂ ਲਈ ਅਜਿਹੀਆਂ ਯਾਦਾਂ ਅੱਜ ਵੀ ਮਹੱਤਵ ਰੱਖਦੀਆਂ ਹਨ । ਉਨ੍ਹਾਂ ਅਨੁਸਾਰ, ਸਦਨ ਵਿਚ ਵਿਚਾਰਾਂ ਦਾ ਵਖਰੇਵਾਂ ਹੋਣਾ ਲੋਕਤੰਤਰ ਦੀ ਖ਼ੂਬਸੂਰਤੀ ਹੈ, ਪਰ ਸਿਆਸੀ ਵਿਰੋਧ ਨੂੰ ਨਿੱਜੀ ਦੁਸ਼ਮਣੀ ਵਿਚ ਬਦਲਣ ਤੋਂ ਬਚਣਾ ਵੀ ਉਨ੍ਹਾਂ ਹੀ ਜ਼ਰੂਰੀ ਹੈ। ਉੱਧਰ ਮੌਜੂਦਾ ਸਿਆਸੀ ਮਾਹੌਲ ਵਿਚ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਲੋਕਾਂ ਨਾਲ ਸਬੰਧਿਤ ਮੁੱਦਿਆਂ ’ਤੇ ਤੱਥਾਂ ਅਤੇ ਤਰਕਾਂ ਨਾਲ ਬਹਿਸ ਕਰਨ ਦੀ ਥਾਂ ਕਈ ਵਾਰ ਨਿੱਜੀ ਇਲਜ਼ਾਮਬਾਜ਼ੀ ਤੇ ਤਿੱਖੀ ਸ਼ਬਦਾਵਲੀ ਭਾਰੂ ਹੋ ਜਾਂਦੀ ਹੈ। ਸਦਨ ਵਿਚ ਵਰਤੇ ਜਾਣ ਵਾਲੇ ਸ਼ਬਦ ਸਿਰਫ਼ ਉਸ ਸਮੇਂ ਦੀ ਬਹਿਸ ਦਾ ਹਿੱਸਾ ਨਹੀਂ ਹੁੰਦੇ, ਸਗੋਂ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਸਿਆਸੀ ਸੱਭਿਆਚਾਰ ਦੀ ਮਿਸਾਲ ਵੀ ਬਣਦੇ ਹਨ । ਇਜਲਾਸ ਦੀ ਲਾਈਵ ਕਾਰਵਾਈ ਦੇਖਦੇ ਲੋਕਾਂ ਦੀ ਉਮੀਦ ਵੀ ਸਪੱਸ਼ਟ ਹੈ ਕਿ ਵਿਧਾਨ ਸਭਾ ਵਿਚ ਤਿੱਖੀ ਬਹਿਸ ਜ਼ਰੂਰ ਹੋਵੇ, ਪਰ ਇਸ ਦੇ ਨਾਲ ਸਿਆਸੀ ਮਰਿਆਦਾ, ਆਪਸੀ ਸਤਿਕਾਰ ਅਤੇ ਲੋਕ ਮੁੱਦਿਆਂ ਪ੍ਰਤੀ ਜਵਾਬਦੇਹੀ ਵੀ ਕਾਇਮ ਰਹੇ ।