ਤਲਵੰਡੀ ਭਾਈ, 24 ਅਕਤੂਬਰ- ਤਲਵੰਡੀ ਭਾਈ ਦੀ ਸਤਿਕਾਰਯੋਗ ਸ਼ਖ਼ਸੀਅਤ ਸਰਦਾਰਨੀ ਸ਼ੀਲਾ ਰਾਣੀ, ਜੋ ਬੀਤੀ 19 ਅਕਤੂਬਰ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ, ਦੇ ਵਿਛੋੜੇ ਨਾਲ ਪਰਿਵਾਰ ਤੇ ਸਨੇਹੀਆਂ ਨੂੰ ਗਹਿਰਾ ਦੁੱਖ ਪਹੁੰਚਿਆ ਹੈ । ਉਹ ਸ਼੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮੈਂਬਰ ਜਥੇਦਾਰ ਸੱਤਪਾਲ ਸਿੰਘ ਤਲਵੰਡੀ ਭਾਈ ਦੇ ਵੱਡੇ ਭੈਣ ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤਰਸੇਮ ਸਿੰਘ ਮੱਲਾ ਦੇ ਭੂਆ ਜੀ ਸਨ । ਉਹ ਨੇਕਦਿਲ, ਮਿਲਾਪੜੇ ਅਤੇ ਧਾਰਮਿਕ ਵਿਚਾਰਾਂ ਵਾਲੀ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਆਪਣਾ ਜੀਵਨ ਪਰਿਵਾਰਕ ਕਦਰਾਂ-ਕੀਮਤਾਂ ਅਤੇ ਸਮਾਜ ਸੇਵਾ ਨੂੰ ਸਮਰਪਿਤ ਕੀਤਾ । ਸ਼ੀਲਾ ਰਾਣੀ ਦਾ ਜਨਮ ਸੰਨ 1940 ਵਿਚ ਤਲਵੰਡੀ ਭਾਈ ਦੇ ਵਸਨੀਕ ਪਿਤਾ ਹਰਬੰਸ ਸਿੰਘ ਅਤੇ ਮਾਤਾ ਰਾਮ ਪਿਆਰੀ ਦੇ ਗ੍ਰਹਿ ਵਿਖੇ ਹੋਇਆ । ਉਨ੍ਹਾਂ ਨੇ ਮੁੱਢਲੀ ਪੜ੍ਹਾਈ ਆਪਣੇ ਜੱਦੀ ਕਸਬੇ ਦੇ ਸਕੂਲ ਤੋਂ ਪ੍ਰਾਪਤ ਕੀਤੀ । ਸੰਨ 1960 ਵਿਚ ਉਨ੍ਹਾਂ ਦਾ ਵਿਆਹ ਜ਼ਿਲ੍ਹਾ ਫ਼ਾਜ਼ਿਲਕਾ ਦੇ ਸ਼ਹਿਰ ਅਬੋਹਰ ਨੇੜਲੇ ਪਿੰਡ ਕੰਧਵਾਲਾ (ਅਮਰਕੋਟ) ਦੇ ਵਸਨੀਕ ਕਸ਼ਮੀਰ ਸਿੰਘ ਚਲਾਣਾ ਨਾਲ ਹੋਇਆ । ਸੰਨ 1972 ਤੋਂ ਬਾਅਦ ਪਰਿਵਾਰ ਤਲਵੰਡੀ ਭਾਈ ਵਿਖੇ ਆ ਵੱਸਿਆ ਅਤੇ ਕੱਪੜੇ ਦੇ ਕਾਰੋਬਾਰ ਤੋਂ ਸ਼ੁਰੂਆਤ ਕਰਦਿਆਂ ਆੜ੍ਹਤ ਤੇ ਪ੍ਰਾਪਰਟੀ ਦੇ ਕਾਰੋਬਾਰ ਵਿਚ ਵੀ ਤਰੱਕੀ ਕੀਤੀ । ਉਨ੍ਹਾਂ ਦੇ ਪਰਿਵਾਰ ਵਿਚ ਤਿੰਨ ਬੇਟੀਆਂ ਅਤੇ ਦੋ ਬੇਟੇ ਹਨ । ਉਨ੍ਹਾਂ ਦੇ ਬੇਟੇ ਅਮਰਜੀਤ ਸਿੰਘ ਬੱਬੂ ਅਤੇ ਸਵ. ਅਮਰੀਕ ਸਿੰਘ ਟੀਟੂ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਕਰਨਪ੍ਰੀਤ ਸਿੰਘ ਚਲਾਣਾ ਅਤੇ ਤਜਿੰਦਰ ਪਾਲ ਸਿੰਘ ਚਲਾਣਾ (ਤਰਨ) ਨੇ ਕਾਰੋਬਾਰ ਨੂੰ ਅੱਗੇ ਵਧਾਉਣ ਵਿਚ ਯੋਗਦਾਨ ਪਾਇਆ । ਸ਼ੀਲਾ ਰਾਣੀ ਆਪਣੇ ਸੁਭਾਅ, ਧਾਰਮਿਕ ਰੁਚੀ ਅਤੇ ਸਮਾਜ ਸੇਵਾ ਦੀ ਭਾਵਨਾ ਕਰਕੇ ਪਰਿਵਾਰ ਅਤੇ ਜਾਣਕਾਰਾਂ ਵਿਚ ਸਤਿਕਾਰ ਪ੍ਰਾਪਤ ਕਰਦੇ ਸਨ । ਉਨ੍ਹਾਂ ਦਾ ਵਿਛੋੜਾ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸਰਦਾਰਨੀ ਸ਼ੀਲਾ ਰਾਣੀ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਅੰਤਿਮ ਅਰਦਾਸ 25 ਅਕਤੂਬਰ 2026, ਦਿਨ ਐਤਵਾਰ ਨੂੰ ਗੁਰਦੁਆਰਾ ਬਾਬਾ ਹਰੀ ਦਾਸ ਦੀ ਵਾੜੀ, ਨੇੜੇ ਮਾਤਾ ਸਾਹਿਬ ਕੌਰ ਕਾਲਜ, ਤਲਵੰਡੀ ਭਾਈ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ।
-ਰਵਿੰਦਰ ਸਿੰਘ ਬਜਾਜ