15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਿਆ ਪਰ ਨਹੀਂ ਖ਼ਤਮ ਹੋਈ ਅੰਦਰੂਨੀ ਧੜੇਬੰਦੀ

ਰਾਜਾ ਵੜਿੰਗ ਅਤੇ ਚੰਨੀ ਦੇ ਧੜਿਆਂ ਵਿਚਾਲੇ ਨਹੀਂ ਮਿਟ ਸਕਿਆ ਫ਼ਾਸਲਾ ਵਿਕਰਮਜੀਤ ਸਿੰਘ ਮਾਨ ਚੰਡੀਗੜ੍ਹ, 14 ਨਵੰਬਰ- ਪੰਜਾਬ ਕਾਂਗਰਸ ਵਿਚ ਪ੍ਰਧਾਨਗੀ ਦੀ ਕਮਾਨ ਬਦਲਣ ਦੇ ਬਾਵਜੂਦ ਪਾਰਟੀ ਅੰਦਰ ਚੱਲ ਰਹੀ ਧੜੇਬੰਦੀ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀ। ਸੂਬੇ ਵਿਚ ਕਾਂਗਰਸ ਦੀ ਲੀਡਰਸ਼ਿਪ ਬਦਲਣ ਨਾਲ ਪਾਰਟੀ ਨੂੰ ਨਵੀਂ ਦਿਸ਼ਾ ਦੇਣ ਅਤੇ ਆਗੂਆਂ ਨੂੰ ਇਕ ਮੰਚ ’ਤੇ ਲਿਆਉਣ ਦੀਆਂ ਉਮੀਦਾਂ ਜ਼ਰੂਰ ਜਾਗੀਆਂ ਸਨ ਪਰ ਮੌਜੂਦਾ ਸਿਆਸੀ ਸਰਗਰਮੀਆਂ ਇਹ ਸੰਕੇਤ ਦੇ ਰਹੀਆਂ ਹਨ ਕਿ ਪਾਰਟੀ ਅੰਦਰਲੇ ਪੁਰਾਣੇ ਸਿਆਸੀ ਸਮੀਕਰਨ ਅਜੇ ਵੀ ਬਰਕਰਾਰ ਹਨ।

ਅਮਰਿੰਦਰ ਸਿੰਘ ਰਾਜਾ ਵੜਿੰਗ ਚਰਨਜੀਤ ਸਿੰਘ ਚੰਨੀ 15-11-2026

ਰਾਜਾ ਵੜਿੰਗ ਅਤੇ ਚੰਨੀ ਦੇ ਧੜਿਆਂ ਵਿਚਾਲੇ ਨਹੀਂ ਮਿਟ ਸਕਿਆ ਫ਼ਾਸਲਾ

ਵਿਕਰਮਜੀਤ ਸਿੰਘ ਮਾਨ

ਚੰਡੀਗੜ੍ਹ, 14 ਨਵੰਬਰ- ਪੰਜਾਬ ਕਾਂਗਰਸ ਵਿਚ ਪ੍ਰਧਾਨਗੀ ਦੀ ਕਮਾਨ ਬਦਲਣ ਦੇ ਬਾਵਜੂਦ ਪਾਰਟੀ ਅੰਦਰ ਚੱਲ ਰਹੀ ਧੜੇਬੰਦੀ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀ। ਸੂਬੇ ਵਿਚ ਕਾਂਗਰਸ ਦੀ ਲੀਡਰਸ਼ਿਪ ਬਦਲਣ ਨਾਲ ਪਾਰਟੀ ਨੂੰ ਨਵੀਂ ਦਿਸ਼ਾ ਦੇਣ ਅਤੇ ਆਗੂਆਂ ਨੂੰ ਇਕ ਮੰਚ ’ਤੇ ਲਿਆਉਣ ਦੀਆਂ ਉਮੀਦਾਂ ਜ਼ਰੂਰ ਜਾਗੀਆਂ ਸਨ ਪਰ ਮੌਜੂਦਾ ਸਿਆਸੀ ਸਰਗਰਮੀਆਂ ਇਹ ਸੰਕੇਤ ਦੇ ਰਹੀਆਂ ਹਨ ਕਿ ਪਾਰਟੀ ਅੰਦਰਲੇ ਪੁਰਾਣੇ ਸਿਆਸੀ ਸਮੀਕਰਨ ਅਜੇ ਵੀ ਬਰਕਰਾਰ ਹਨ। ਖ਼ਾਸ ਤੌਰ ’ਤੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜੁੜੇ ਧੜਿਆਂ ਵਿਚਾਲੇ ਦੂਰੀ ਘਟਣ ਦੀ ਬਜਾਏ ਉਸ ਤਰ੍ਹਾਂ ਕਾਇਮ ਦਿਖਾਈ ਦੇ ਰਹੀ ਹੈ। ਪਾਰਟੀ ਦੇ ਅੰਦਰੂਨੀ ਹਾਲਾਤ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਚੰਨੀ ਨਾਲ ਸੰਬੰਧਿਤ ਸਿਆਸੀ ਪ੍ਰੋਗਰਾਮਾਂ ਅਤੇ ਸਰਗਰਮੀਆਂ ਦੌਰਾਨ ਰਾਜਾ ਵੜਿੰਗ ਅਤੇ ਉਸਦੇ ਧੜੇ ਨਾਲ ਜੁੜੇ ਕਈ ਆਗੂਆਂ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਗੈਰ-ਮੌਜੂਦਗੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਿਆਸੀ ਹਲਕਿਆਂ ਵਿਚ ਇਸ ਨੂੰ ਮਹਿਜ਼ ਇਤਫ਼ਾਕ ਦੀ ਬਜਾਏ ਪਾਰਟੀ ਅੰਦਰ ਮੌਜੂਦ ਧੜੇਬੰਦੀ ਦੇ ਇਕ ਹੋਰ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ ਕਿਸੇ ਪ੍ਰੋਗਰਾਮ ਵਿਚ ਕਿਸੇ ਆਗੂ ਦੀ ਗੈਰ-ਮੌਜੂਦਗੀ ਆਪਣੇ ਆਪ ਵਿਚ ਧੜੇਬੰਦੀ ਦਾ ਸਬੂਤ ਨਹੀਂ ਹੁੰਦੀ ਪਰ ਲਗਾਤਾਰ ਬਣ ਰਹੀ ਇਹ ਸਥਿਤੀ ਕਈ ਸਵਾਲ ਜ਼ਰੂਰ ਖੜ੍ਹੇ ਕਰਦੀ ਹੈ। ਦਰਅਸਲ, ਪੰਜਾਬ ਕਾਂਗਰਸ ਦੀ ਸਭ ਤੋਂ ਵੱਡੀ ਚੁਣੌਤੀ ਵਿਰੋਧੀ ਪਾਰਟੀਆਂ ਨਾਲ ਸਿਆਸੀ ਮੁਕਾਬਲਾ ਕਰਨ ਦੇ ਨਾਲ-ਨਾਲ ਆਪਣੇ ਘਰ ਨੂੰ ਇਕਜੁੱਟ ਰੱਖਣ ਦੀ ਵੀ ਹੈ। ਪਾਰਟੀ ਦੇ ਕਈ ਸੀਨੀਅਰ ਆਗੂ ਆਪੋ-ਆਪਣੇ ਸਿਆਸੀ ਪ੍ਰਭਾਵ ਅਤੇ ਸਮਰਥਕਾਂ ਦੇ ਆਧਾਰ ’ਤੇ ਸਰਗਰਮ ਹਨ। ਅਜਿਹੇ ਵਿਚ ਸਾਂਝੀ ਰਣਨੀਤੀ ਅਤੇ ਸਾਂਝੀ ਲੀਡਰਸ਼ਿਪ ਦੀ ਘਾਟ ਪਾਰਟੀ ਦੀ ਸਿਆਸੀ ਤਾਕਤ ਨੂੰ ਪ੍ਰਭਾਵਿਤ ਕਰ ਸਕਦੀ ਹੈ। ਅਜਿਹੀ ਹੀ ਸਥਿਤੀ ਉਸ ਵੇਲੇ ਵੀ ਬਣੀ ਹੋਈ ਸੀ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ, ਉਸ ਦੌਰਾਨ ਚਰਨਜੀਤ ਸਿੰਘ ਚੰਨੀ ਧੜੇ ਵਲੋਂ ਰਾਜਾ ਵੜਿੰਗ ਦੇ ਪ੍ਰੋਗਰਾਮਾਂ ਤੋਂ ਦੂਰੀ ਬਣਾਈ ਗਈ ਸੀ। ਇਸ ਦੇ ਇਲਾਵਾ ਰਾਜਾ ਵੜਿੰਗ ਦੇ ਪਾਰਟੀ ਪ੍ਰੋਗਰਾਮ ਵਿਚ ਹੰਗਾਮੇ ਵੀ ਹੋਏ ਜਿਸ ਨੂੰ ਵਿਰੋਧੀ ਧੜੇ ਨਾਲ ਜੋੜ ਕੇ ਦੇਖਿਆ ਜਾਂਦਾ ਰਿਹਾ। ਵਿਰੋਧੀ ਧੜੇ ਦੇ ਭਾਰੀ ਜੱਦੋ-ਜਹਿਦ ਦੇ ਬਾਅਦ ਰਾਜਾ ਵੜਿੰਗ ਨੂੰ ਪ੍ਰਧਾਨ ਵਜੋਂ ਤਾਂ ਬਦਲ ਦਿੱਤਾ ਗਿਆ ਪਰ ਹਾਲਾਤ ਮੁਡ਼ ਉਹੀ ਬਣੇ ਹੋਏ ਹਨ ਜੋ ਰਾਜਾ ਵੜਿੰਗ ਦੇ ਪ੍ਰਧਾਨ ਹੁੰਦਿਆਂ ਵਿਰੋਧੀ ਧੜੇ ਵਲੋਂ ਬਣਾਏ ਗਏ ਸਨ। ਕਾਂਗਰਸ ਲਈ ਇਹ ਸਥਿਤੀ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਸੂਬੇ ਵਿਚ ਪਾਰਟੀ ਨੂੰ ਮੁੜ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ’ਤੇ ਵਰਕਰਾਂ ਨੂੰ ਸਰਗਰਮ ਕਰਨਾ ਅਤੇ ਲੋਕਾਂ ਵਿਚ ਭਰੋਸਾ ਪੈਦਾ ਕਰਨਾ ਜ਼ਰੂਰੀ ਹੈ ਪਰ ਜੇਕਰ ਪਾਰਟੀ ਦੇ ਹੀ ਵੱਡੇ ਆਗੂ ਇਕ-ਦੂਜੇ ਦੇ ਪ੍ਰੋਗਰਾਮਾਂ ਤੋਂ ਦੂਰੀ ਬਣਾਈ ਰੱਖਣਗੇ ਤਾਂ ਆਮ ਵਰਕਰਾਂ ਤੱਕ ਇਕਜੁੱਟਤਾ ਦਾ ਸੁਨੇਹਾ ਕਿਵੇਂ ਪਹੁੰਚੇਗਾ? ਇਸ ਤੋਂ ਇਲਾਵਾ ਇਹ ਵੀ ਸਵਾਲ ਹੈ ਕਿ ਜਦੋਂ ਪਾਰਟੀ ਦੇ ਸੀਨੀਅਰ ਆਗੂ ਇਕ ਮੰਚ ’ਤੇ ਇਕੱਠੇ ਹੋਣ ਤੋਂ ਗੁਰੇਜ਼ ਕਰਦੇ ਦਿਖਾਈ ਦੇਣਗੇ ਤਾਂ ਹੇਠਲੇ ਪੱਧਰ ’ਤੇ ਵਰਕਰਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਿੰਨੀ ਸਫਲ ਹੋਵੇਗੀ। ਇਹ ਵੱਡੇ ਸਵਾਲ ਇਸ ਲਈ ਵੀ ਖੜੇ੍ ਹੋ ਰਹੇ ਹਨ ਕਿਉਂਕਿ ਚਰਨਜੀਤ ਸਿੰਘ ਚੰਨੀ ਵਲੋਂ ਨਵਜੋਤ ਸਿੰਘ ਸਿੱਧੂ ਦੇ ਤਰੀਕੇ ਵਾਂਗ ਪਾਰਟੀ ਦੇ ਬਰਾਬਰ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਜਿੱਥੇ ਪੰਜਾਬ ਕਾਂਗਰਸ ਵਲੋਂ ‘ਪੰਜਾਬ ਮੰਗਦਾ ਇਨਸਾਫ਼’ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉੱਥੇ ਇਸਦੇ ਹੀ ਬਰਾਬਰ ਚਰਨਜੀਤ ਸਿੰਘ ਚੰਨੀ ਵਲੋਂ ਆਪਣੀ ਸਾਈਕਲ ਯਾਤਰਾ ਸ਼ੁਰੂ ਕਰ ਦਿੱਤੀ ਗਈ। ਇਸ ਦੇ ਨਾਲ ਹੀ ਪਾਰਟੀ ਦੇ ਪਿਛਲੇ ਦੋ ਅਹਿਮ ਪ੍ਰੋਗਰਾਮਾਂ ਵਿਚ ਵੀ ਰਾਜਾ ਵੜਿੰਗ ਸਮੇਤ ਕਈ ਵੱਡੇ ਆਗੂ ਗੈਰ ਹਾਜ਼ਰ ਦਿਖਾਈ ਦਿੱਤੇ ਗਏ। ਪਾਰਟੀ ਦੇ ਇਕ ਬੇਹੱਦ ਸੀਨੀਅਰ ਆਗੂ ਨੇ ਨਾਮ ਨਾ ਛਾਪਣ ਦੀ ਸੂਰਤ ’ਤੇ ਕਿਹਾ ਕਿ ਮੌਜੂਦਾ ਪ੍ਰਧਾਨ ਪਰਗਟ ਸਿੰਘ ਨੂੰ ਇਹ ਗੱਲ ਸਪਸ਼ਟ ਤੌਰ ’ਤੇ ਚਰਨਜੀਤ ਸਿੰਘ ਚੰਨੀ ਨੂੰ ਕਹਿਣੀ ਚਾਹੀਦੀ ਹੈ ਕਿ ਪਾਰਟੀ ਦੇ ਪ੍ਰੋਗਰਾਮ ਦਾ ਹਿੱਸਾ ਬਣ ਕੇ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ, ਨਾ ਕਿ ਪਾਰਟੀ ਦੇ ਬਰਾਬਰ ਆਪਣੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ’ਚ ਮੌਜੂਦਾ ਪ੍ਰਧਾਨ ਅਸਫਲ ਰਹੇ ਹਨ ਜਿਸ ਦੇ ਚੱਲਦੇ ਪਾਰਟੀ ’ਚ ਕਈ ਤਰ੍ਹਾਂ ਦੇ ਪ੍ਰੋਗਰਾਮ ਵੱਖੋ-ਵੱਖਰੇ ਪੱਧਰ ’ਤੇ ਚੱਲ ਰਹੇ ਹਨ। ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਾ ਵੜਿੰਗ ਵੀ ਵੱਖਰੇ ਤੌਰ ’ਤੇ ਆਪਣਾ ਇਕ ਪ੍ਰੋਗਰਾਮ ਉਲੀਕ ਰਹੇ ਹਨ ਜਿਸ ਨੂੰ ਜਲਦੀ ਸ਼ੁਰੂ ਕੀਤਾ ਜਾ ਸਕਦਾ ਹੈ। ਦੂਜੇ ਪਾਸੇ, ਵਿਰੋਧੀ ਪਾਰਟੀਆਂ ਨੂੰ ਵੀ ਕਾਂਗਰਸ ਦੀ ਇਸ ਅੰਦਰੂਨੀ ਖਿੱਚੋਤਾਣ ਨੂੰ ਸਿਆਸੀ ਮੁੱਦਾ ਬਣਾਉਣ ਦਾ ਮੌਕਾ ਮਿਲ ਸਕਦਾ ਹੈ। ਪੰਜਾਬ ਵਿਚ ਸੱਤਾ ਵਾਪਸੀ ਦੀ ਇੱਛਾ ਰੱਖਣ ਵਾਲੀ ਕਾਂਗਰਸ ਲਈ ਸਿਰਫ਼ ਸਰਕਾਰ ਦੀਆਂ ਨਾਕਾਮੀਆਂ ਨੂੰ ਮੁੱਦਾ ਬਣਾਉਣਾ ਹੀ ਕਾਫ਼ੀ ਨਹੀਂ ਹੋਵੇਗਾ, ਸਗੋਂ ਸਾਰੀਆਂ ਨੂੰ ਇੱਕਮਤ ਕਰਦੇ ਹੋਏ ਆਪਣੀ ਅੰਦਰੂਨੀ ਸਿਆਸਤ ਵਿਚ ਵੀ ਸਪੱਸ਼ਟਤਾ ਲਿਆਉਣੀ ਪਵੇਗੀ। ਸਿਆਸੀ ਤੌਰ ’ਤੇ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਕੀ ਨਵੀਂ ਲੀਡਰਸ਼ਿਪ ਪਾਰਟੀ ਦੇ ਸਾਰੇ ਧੜਿਆਂ ਨੂੰ ਇਕ ਛੱਤ ਹੇਠ ਲਿਆਉਣ ਵਿਚ ਸਫ਼ਲ ਹੋਵੇਗੀ ਜਾਂ ਫਿਰ ਪੰਜਾਬ ਕਾਂਗਰਸ ਵਿਚ ਧੜਿਆਂ ਦੀ ਸਿਆਸਤ ਇਸੇ ਤਰ੍ਹਾਂ ਜਾਰੀ ਰਹੇਗੀ? ਫਿਲਹਾਲ ਪ੍ਰਧਾਨਗੀ ਬਦਲਣ ਦੇ ਬਾਵਜੂਦ ਹਾਲਾਤ ਵਿਚ ਕੋਈ ਵੱਡੀ ਤਬਦੀਲੀ ਨਜ਼ਰ ਨਹੀਂ ਆ ਰਹੀ। ਜੇਕਰ ਪਾਰਟੀ ਨੇ ਸਮੇਂ ਸਿਰ ਇਸ ਅੰਦਰੂਨੀ ਖਿੱਚੋਤਾਣ ਨੂੰ ਦੂਰ ਨਾ ਕੀਤਾ ਗਿਆ, ਤਾਂ ਇਸ ਦਾ ਖ਼ਮਿਆਜ਼ਾ ਆਉਣ ਵਾਲੇ ਸਮੇਂ ਵਿਚ ਸਿਆਸੀ ਤੌਰ ’ਤੇ ਵੀ ਭੁਗਤਣਾ ਪੈ ਸਕਦਾ ਹੈ।

ਪਿਛਲੀ ਖ਼ਬਰ ਅਸਲ੍ਹਾ ਲਾਇਸੰਸ ਅਤੇ ਰੈੱਡ ਕਰਾਸ ਸੁਸਾਇਟੀ ਦਾ ਰਿਕਾਰਡ ਖੰਗਾਲੇਗੀ ਸੀ.ਬੀ.ਆਈ. ਅਗਲੀ ਖ਼ਬਰ ਝੋਨਾ ਖ਼ਰੀਦ ਘੁਟਾਲੇ ’ਚ 14 ਐੱਫ.ਸੀ.ਆਈ. ਅਧਿਕਾਰੀਆਂ ਸਮੇਤ 30 ਮੁਲਜ਼ਮ ਦੋਸ਼ੀ ਕਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।