ਘੁੰਮਣ ਮਾਮਲੇ ’ਚ ਮੁਹਾਲੀ ਦੇ ਡੀ. ਸੀ. ਤੋਂ ਦੋ ਵਾਰ ਮੰਗੇ ਗਏ ਦਸਤਾਵੇਜ਼ ਐੱਸ. ਏ. ਐੱਸ. ਨਗਰ, 14 ਨਵੰਬਰ (ਕਪਿਲ ਵਧਵਾ)-ਓ. ਐੱਸ. ਡੀ. ਰਾਜਬੀਰ ਸਿੰਘ ਘੁੰਮਣ ਸਮੇਤ ਹੋਰਨਾਂ ਖ਼ਿਲਾਫ਼ ਦਰਜ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਦੌਰਾਨ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਹੁਣ ਮੁਹਾਲੀ ਵਿਖੇ ਅਸਲ੍ਹਾ ਲਾਇਸੰਸ ਜਾਰੀ ਕਰਨ ਦੀ ਪ੍ਰਕਿਰਿਆ ਅਤੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੀ ਕਾਰਜ-ਪ੍ਰਣਾਲੀ ਨਾਲ ਸੰਬੰਧਿਤ ਰਿਕਾਰਡ ਤਲਬ ਕੀਤਾ ਹੈ। ਜਾਂਚ ਏਜੰਸੀ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਦੋ ਵੱਖ-ਵੱਖ ਪੱਤਰ ਭੇਜ ਕੇ ਅਸਲ੍ਹਾ ਲਾਇਸੰਸ ਦੀ ਅਸਲ ਫਾਈਲ ਅਤੇ ਰੈੱਡ ਕਰਾਸ ਸੁਸਾਇਟੀ ਨੂੰ ਮਿਲਣ ਵਾਲੇ ਦਾਨ ਅਤੇ ਉਸ ਦੀ ਵਰਤੋਂ ਸੰਬੰਧੀ ਦਸਤਾਵੇਜ਼ ਮੰਗੇ ਹਨ। ਜਾਂਚ ਏਜੰਸੀ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ. ਐੱਨ. ਐੱਸ. ਐੱਸ.) ਦੀ ਧਾਰਾ 94 ਤਹਿਤ ਮੁਹਾਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਨੋਟਿਸ ਜਾਰੀ ਕਰਦਿਆਂ ਇਕ ਵਿਅਕਤੀ ਵਿਸ਼ੇਸ਼ ਦੇ ਨਾਂਅ ‘ਤੇ ਅਸਲ੍ਹਾ ਲਾਇਸੰਸ ਜਾਰੀ ਕਰਨ ਸੰਬੰਧੀ ਪੂਰੀ ਅਸਲ ਫਾਈਲ ਪੇਸ਼ ਕਰਨ ਲਈ ਕਿਹਾ ਹੈ। ਇਹ ਫਾਈਲ ਚੰਡੀਗੜ੍ਹ ਸਥਿਤ ਸੀ. ਬੀ. ਆਈ. ਦਫ਼ਤਰ ਵਿਖੇ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਨੋਟਿਸ ਵਿਚ ਹੁਕਮਾਂ ਦੀ ਪਾਲਣਾ ਨਾ ਕਰਨ ‘ਤੇ ਬੀ. ਐੱਨ. ਐੱਸ. ਐੱਸ. ਦੀ ਧਾਰਾ 210 ਤਹਿਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੀ. ਬੀ. ਆਈ. ਨੇ ਇਕ ਹੋਰ ਪੱਤਰ ਰਾਹੀਂ ਮੁਹਾਲੀ ਦੀ ਇੰਡੀਅਨ ਰੈੱਡ ਕਰਾਸ ਸੁਸਾਇਟੀ ਨਾਲ ਸੰਬੰਧਿਤ ਤਿੰਨ ਤਰ੍ਹਾਂ ਦੇ ਪ੍ਰਮਾਣਿਤ ਦਸਤਾਵੇਜ਼ ਮੰਗੇ ਹਨ। ਇਨ੍ਹਾਂ ਵਿਚ ਸੁਸਾਇਟੀ ਦੇ ਬਾਇਲਾਅਜ਼, ਦਾਨ ਰਾਸ਼ੀ ਇਕੱਠੀ ਕਰਨ ਤੇ ਉਸ ਨੂੰ ਖ਼ਰਚਣ ਸੰਬੰਧੀ ਦਿਸ਼ਾ-ਨਿਰਦੇਸ਼ ਅਤੇ ਇਸ ਸੰਬੰਧੀ ਹੋਈ ਕਾਰਵਾਈ ਦੇ ਰਿਕਾਰਡ ਸ਼ਾਮਿਲ ਹਨ। ਸੂਤਰਾਂ ਅਨੁਸਾਰ ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੁਣ ਤੱਕ ਸਿਰਫ਼ ਸੁਸਾਇਟੀ ਦਾ ਮੈਮੋਰੈਂਡਮ ਆਫ਼ ਐਸੋਸੀਏਸ਼ਨ ਹੀ ਮੁਹੱਈਆ ਕਰਵਾਇਆ ਗਿਆ ਹੈ, ਜਦਕਿ ਬਾਕੀ ਦਸਤਾਵੇਜ਼ ਹਾਲੇ ਦਿੱਤੇ ਜਾਣੇ ਬਾਕੀ ਹਨ।