ਮੋਗਾ, 15 ਫਰਵਰੀ (ਸੁਰਿੰਦਰਪਾਲ ਸਿੰਘ)-ਅੱਜ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਦੀ ਸੋਸ਼ਲ ਮੀਡੀਆ 'ਤੇ ਸੂਬਾ ਪੱਧਰੀ ਮੀਟਿੰਗ ਹੋਈ, ਜਿਸ ਵਿਚ ਸਟੇਟ ਕਮੇਟੀ ਮੈਂਬਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨੇ ਟੈੱਟ ਟੈਸਟ ਅਧਿਆਪਕਾਂ ਦੇ ਨਾ ਦੇਣ ਬਾਰੇ ਵਿਸਥਾਰ ਵਿਚ ਚਰਚਾ ਹੋਈ, ਜਿਸ ਵਿਚ ਸਾਰਿਆਂ ਨੇ ਇਸ ਗੱਲ 'ਤੇ ਹਾਮੀ ਭਰੀ ਕਿ ਪੁਰਾਣੇ ਲੱਗੇ ਅਧਿਆਪਕਾਂ 'ਤੇ ਟੈੱਟ ਦੀ ਸ਼ਰਤ ਲਾਉਣਾ ਸੰਵਿਧਾਨਕ ਨਹੀਂ ਹੈ ਕਿਉਂਕਿ ਇਨ੍ਹਾਂ ਅਧਿਆਪਕਾਂ ਦੀ ਭਰਤੀ ਈ.ਟੀ.ਟੀ. ਜਾਂ ਬੀ.ਐੱਡ ਦੀ ਭਰਤੀ ਟੈਸਟ ਦੇ ਕੇ ਮੈਰਿਟ ਦੇ ਆਧਾਰ 'ਤੇ ਹੋਈ ਹੈ | ਮੀਟਿੰਗ ਵਿਚ ਇਹ ਵੀ ਗੱਲ ਹੋਈ ਕਿ ਜਦੋਂ ਸ਼ੁਰੂਆਤ ਵਿਚ ਜਦੋਂ ਕਿਸੇ ਵੀ ਪ੍ਰੀਖਿਆਰਥੀ ਨੇ ਟੈਸਟ ਦੇਣਾ ਹੁੰਦਾ ਤਾਂ ਉਸ ਨੇ ਮੁਕਾਬਲੇ ਦੀ ਪ੍ਰੀਖਿਆ ਵਿਚ ਸਾਰੇ ਸਬਜੈਕਟਾਂ ਦੀ ਤਿਆਰੀ ਕਰਨੀ ਹੁੰਦੀ ਹੈ ਜੋ ਉਸ ਸਮੇਂ ਸਾਰੇ ਅਧਿਆਪਕਾਂ ਨੇ ਮੁਕਾਬਲੇ ਦੇ ਟੈਸਟ ਦੇ ਕੇ ਮੈਰਿਟ ਵਿਚ ਆ ਕੇ ਹੀ ਨੌਕਰੀ ਪ੍ਰਾਪਤ ਕੀਤੀ ਸੀ | ਸਾਰੇ ਅਧਿਆਪਕ ਲੀਡਰਾਂ ਦੀ ਸਾਂਝੀ ਰਾਏ ਨੂੰ ਦੇਖਦੇ ਹੋਏ ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਫ਼ੈਸਲਾ ਲਿਆ ਕਿ ਪੁਰਾਣਾ 2011 ਤੋਂ ਪਹਿਲਾਂ ਲੱਗਿਆ ਕੋਈ ਵੀ ਅਧਿਆਪਕ ਟੈੱਟ ਦੀ ਪ੍ਰੀਖਿਆ ਨਹੀਂ ਦੇਵੇਗਾ ਅਤੇ ਇਸ ਸਬੰਧੀ ਜਲਦੀ ਹੀ ਸਿੱਖਿਆ ਮੰਤਰੀ ਪੰਜਾਬ ਨਾਲ਼ ਮੀਟਿੰਗ ਕੀਤੀ ਜਾਵੇਗੀ | ਉਨ੍ਹਾਂ ਵਲੋਂ ਪੂਰੇ ਪੰਜਾਬ ਦੇ 2011 ਤੋਂ ਪਹਿਲਾਂ ਦੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਗਈ ਕਿ ਇਸ ਟੈਟ ਟੈਸਟ ਨੂੰ ਨਾ ਦੇਣਾ ਹੀ ਇਸ ਨੂੰ ਰੋਕਣ ਦਾ ਸਭ ਤੋਂ ਵੱਡਾ ਹਥਿਆਰ ਹੈ | ਜਿਸ ਤਰ੍ਹਾਂ ਪੂਰੇ ਭਾਰਤ ਦੇ ਮੁਲਾਜ਼ਮਾਂ ਨੇ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਨਾ ਆਪਣਾ ਕੇ ਹੀ ਇਸ ਨੂੰ ਸੈਂਟਰ ਪੱਧਰ 'ਤੇ ਖ਼ਤਮ ਕਰ ਦਿੱਤਾ ਹੈ | ਇਸ ਲਈ ਈ.ਟੀ.ਟੀ. ਅਧਿਆਪਕ ਯੂਨੀਅਨ ਦੀ ਸਮੂਹ ਲੀਡਰਸ਼ਿਪ ਵਲੋਂ ਟੈੱਟ ਦਾ ਪੂਰਨ ਵਿਰੋਧ ਕੀਤਾ ਜਾਂਦਾ ਹੈ | ਇਸ ਸਟੇਟ ਪੱਧਰੀ ਸੋਸ਼ਲ ਮੀਡੀਆ ਮੀਟਿੰਗ ਵਿਚ ਲੀਡਰ ਓਾਕਾਰ ਸਿੰਘ, ਗੁਰਪ੍ਰੀਤ ਬਰਾੜ, ਜਸਪਾਲ ਸਿੰਘ, ਅਨੂਪ ਸ਼ਰਮਾ, ਕੇਵਲ ਸਿੰਘ, ਸ਼ਿਵ ਕੁਮਾਰ, ਕਰਮਜੀਤ ਸਿੰਘ ਬੈਂਸ, ਵਰਿੰਦਰ ਅਮਰ, ਮਨਮੀਤ ਰਾਏ, ਸਾਬੀ ਅਬੋਹਰ ਗੁਰਿੰਦਰ ਗੁਰਮ, ਕੁਲਦੀਪ ਸਿੰਘ ਸਭਰਵਾਲ, ਰਾਮ ਚੌਧਰੀ, ਵਿਪਨ ਲੋਟਾ, ਮੇਜਰ ਸਿੰਘ ਆਦਿ ਨੇ ਆਨਲਾਈਨ ਹਾਜ਼ਰੀ ਲਗਵਾਈ |