ਮੋਗਾ, 17 ਫਰਵਰੀ (ਸੁਰਿੰਦਰਪਾਲ ਸਿੰਘ)- ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਮੋਗਾ ਵਲੋਂ ਕੋਟ ਈਸੇ ਖਾਂ ਦੇ ਸਿੱਧ ਮੰਦਰ ਅਤੇ ਮੰਦਰ ਦੀ ਜ਼ਮੀਨ ਉੱਪਰ ਸਿਆਸੀ, ਪੁਲਿਸ, ਭੂ ਮਾਫ਼ੀਆ ਵਲੋਂ ਕਬਜ਼ਾ ਕਰਨ ਦੇ ਵਿਰੋਧ 'ਚ ਅੱਜ ਐਸ.ਐਸ.ਪੀ. ਦਫ਼ਤਰ ਮੋਗਾ ਵਿਖੇ ਧਰਨਾ ਲਗਾਇਆ ਗਿਆ | ਬਲਾਕ ਧਰਮਕੋਟ ਦੇ ਪੈੱ੍ਰਸ ਸਕੱਤਰ ਗੁਰਪ੍ਰੀਤ ਸਿੰਘ ਚੀਮਾ ਤੇ ਜ਼ਿਲ੍ਹਾ ਪੈੱ੍ਰਸ ਸਕੱਤਰ ਜਸਮੇਲ ਸਿੰਘ ਰਾਜੇਆਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਕੋਟ ਈਸੇ ਖਾਂ ਦੇ ਸਿੱਧ ਮੰਦਰ ਦੇ ਸਬੰਧ ਵਿਚ ਐਸ.ਐਸ.ਪੀ. ਦਫ਼ਤਰ ਮੋਗਾ ਅੱਗੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫ਼ੂਵਾਲਾ ਦੀ ਅਗਵਾਈ ਹੇਠ ਧਰਨਾ ਲਗਾਇਆ ਗਿਆ, ਜਿਸ 'ਚ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਸੂਬਾਈ ਆਗੂ ਚਮਕੌਰ ਸਿੰਘ ਰੋਡੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮਾਮਲਾ ਕੋਟ ਈਸੇ ਖਾਂ ਦੇ ਸਿੱਧ ਮੰਦਰ ਦੇ ਪੁਜਾਰੀ ਗੋਬਿੰਦ ਪੁਰੀ ਨੂੰ ਸਿਆਸੀ ਸ਼ਹਿ 'ਤੇ ਪੁਲਿਸ ਦੀ ਪੁਸ਼ਤ ਪਨਾਹੀ ਕਰਕੇ ਭੂ ਮਾਫ਼ੀਆ ਸ਼ਮਸ਼ੇਰ ਸਿੰਘ ਸ਼ੇਰੇ ਵਲੋਂ ਮੰਦਰ ਦੀ ਜ਼ਮੀਨ 'ਤੇ ਕਬਜ਼ਾ ਕੀਤਾ ਗਿਆ ਅਤੇ ਕੋਟਕਪੂਰੇ ਵਾਲੇ ਗੋਪਾਲ ਨੰਦ ਵਲੋਂ ਮੰਦਰ ਦੇ ਪੁਜਾਰੀ ਗੋਬਿੰਦ ਪੁਰੀ ਨੂੰ ਮੰਦਰ ਵਿਚੋਂ ਬਾਹਰ ਕੱਢਿਆ ਅਤੇ ਗੱਡੀ ਸਮੇਤ ਮੰਦਰ ਦਾ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ | ਸਾਰੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਵਾਉਣ ਅਤੇ ਭੂ ਮਾਫ਼ੀਆ ਵਲੋਂ ਮੰਦਰ ਅਤੇ ਜ਼ਮੀਨ 'ਤੇ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਛਡਵਾਉਣ ਲਈ ਐਸ.ਐਸ.ਪੀ. ਦਫ਼ਤਰ ਮੋਗਾ ਅੱਗੇ ਰੋਸ ਵਜੋਂ ਧਰਨਾ ਲਗਾਇਆ ਗਿਆ | ਜਿਸ ਦੇ ਦਬਾ ਹੇਠ ਐਸ.ਪੀ. (ਐਚ) ਸਨਦੀਪ ਸਿੰਘ ਮੰਡ ਨੇ ਵਿਸ਼ਵਾਸ ਦੁਆਇਆ ਕਿ ਮੰਦਰ ਦੇ ਸੰਬੰਧ ਵਿਚ ਜੋ ਵੀ ਮਾਮਲਾ ਹੈ, ਉਸ ਨੂੰ ਜਲਦ ਤੋਂ ਜਲਦ ਨਿਪਟਾਉਣ ਦਾ ਭਰੋਸਾ ਦੁਆਇਆ ਗਿਆ ਹੈ ਅਤੇ ਜਥੇਬੰਦੀ ਵਲੋਂ ਐਸ.ਪੀ.(ਐਚ) ਸਨਦੀਪ ਸਿੰਘ ਵਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ, ਆਖਿਆ ਕਿ ਜੇਕਰ ਪੁਲਿਸ ਪ੍ਰਸ਼ਾਸਨ ਵਲੋਂ ਜਲਦ ਮਸਲਾ ਹੱਲ ਕਰਕੇ ਮਹੰਤ ਗੋਬਿੰਦ ਪੁਰੀ ਨੂੰ ਇਨਸਾਫ਼ ਨਾ ਦਿਵਾਇਆ ਗਿਆ ਤਾਂ ਕਿਰਤੀ ਕਿਸਾਨ ਯੂਨੀਅਨ ਵਲੋਂ ਮਜਬੂਰਨ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦਾ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ | ਇਸ ਮੌਕੇ ਨਾਜ਼ਰ ਸਿੰਘ, ਤੀਰਥ ਸਿੰਘ, ਮੋਹਨ ਸਿੰਘ, ਮੁਖਤਿਆਰ ਸਿੰਘ, ਬੂਟਾ ਸਿੰਘ, ਬਲਕਰਨ ਸਿੰਘ, ਕੁਲਜੀਤ ਸਿੰਘ, ਸਾਰਜ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਹੋਏ |