ਮੋਗਾ, 18 ਫਰਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਮੋਗਾ ਦੇ ਪਿੰਡ ਕਿਲੀ ਚਾਹਲਾਂ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਯੁੱਧ ਨਸ਼ਿਆਂ ਵਿਰੁੱਧ ਕੀਤੀ ਗਈ ਵਿਸ਼ਾਲ ਰੈਲੀ ਇਕ ਇਤਿਹਾਸਕ ਹੋ ਨਿੱਬੜੀ | ਇਸ ਰੈਲੀ ਵਿਚ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਰੈਲੀ ਵਿਚ ਪੁੱਜੇ ਲੋਕਾਂ ਦੇ ਇਕੱਠ ਨੇ ਵਿਧਾਇਕ ਲਾਡੀ ਢੋਸ ਦੀ ਯੋਗ ਅਗਵਾਈ ਦੀ ਪ੍ਰੋੜ੍ਹਤਾ ਹੀ ਨਹੀਂ ਕੀਤੀ ਸਗੋਂ ਇਹ ਸਾਬਤ ਕਰ ਦਿੱਤਾ ਕਿ ਉਹ ਪਾਰਟੀ ਵਿਚ ਤੇ ਆਪਣੇ ਹਲਕੇ ਵਿਚ ਦਿਨੋਂ-ਦਿਨ ਪਕੜ ਮਜ਼ਬੂਤ ਕਰ ਰਹੇ ਹਨ ਜੋ 2027 ਦੀ ਚੋਣ ਜਿੱਤਣ ਦਾ ਵੀ ਸੰਕੇਤ ਦਿੰਦੇ ਹਨ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਪੰਜਾਬ ਵਿਚ ਫੈਲਾਏ ਗਏ ਨਸ਼ੇ ਦੇ ਖ਼ਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਰੈਲੀ ਵਿਚ ਉਮੜੇ ਜਨ ਸੈਲਾਬ ਨੇ ਦੱਸ ਦਿੱਤਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਜਲਦ ਹੀ ਨਸ਼ਾ ਮੁਕਤ ਹੋ ਕੇ ਰੰਗਲੇ ਪੰਜਾਬ ਵੱਲ ਵਧੇਗਾ | ਉਨ੍ਹਾਂ ਕਿਹਾ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਲੋਕ ਆਪ ਪਾਰਟੀ ਦਾ ਸਾਥ ਦੇਣਗੇ ਤੇ ਮੁੜ ਤੋਂ ਆਪ ਦੀ ਸਰਕਾਰ ਬਣੇਗੀ ਕਿਉਂਕਿ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਹਰੇਕ ਵਰਗ ਖ਼ੁਸ਼ ਹੈ | ਇਸ ਮੌਕੇ ਉਨ੍ਹਾਂ ਰੈਲੀ ਵਿਚ ਪੁੱਜੇ ਪਾਰਟੀ ਆਗੂਆਂ, ਵਲੰਟੀਅਰਾਂ ਤੇ ਇਲਾਕਾ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਬੇਹੱਦ ਰਿਣੀ ਹਨ ਜਿਨ੍ਹਾਂ ਨੇ ਰੈਲੀ ਵਿਚ ਪੁੱਜ ਕੇ ਉਨ੍ਹਾਂ ਦਾ ਸਾਥ ਦਿੱਤਾ ਤੇ ਹੁਣ ਜਲਦ ਹੀ ਹਲਕਾ ਧਰਮਕੋਟ ਵਿਚ ਵੀ ਨਸ਼ਾ ਵਿਰੋਧੀ ਲਹਿਰ ਵਿੱਢੀ ਜਾਵੇਗੀ |