ਧਰਮਕੋਟ, 19 ਫਰਵਰੀ (ਪਰਮਜੀਤ ਸਿੰਘ)-ਅਧਿਆਪਕਾਂ ਤੇ ਜਬਰੀ ਥੋਪੇ ਟੀ.ਈ.ਟੀ. ਦੇ ਵਿਰੋਧ ਵਿਚ 22 ਫਰਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਹੀ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਸਬੰਧੀ ਅਧਿਆਪਕ ਜਥੇਬੰਦੀਆਂ ਦੀ ਮੀਟਿੰਗ ਧਰਮਕੋਟ ਵਿਖੇ ਹੋਈ | ਮੀਟਿੰਗ ਦੀ ਪ੍ਰਧਾਨਗੀ ਕਰਦਿਆ ਆਗੂਆਂ ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਅਮੀਵਾਲ, ਜੱਜਪਾਲ ਸਿੰਘ ਬਾਜੇਕੇ, ਗੁਰਮੀਤ ਸਿੰਘ ਢੋਲੇਵਾਲ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਮਿਤੀ 07 ਫਰਵਰੀ 2026 ਨੂੰ ਮਾਸਟਰ ਕਾਡਰ ਦੀਆਂ ਪਦਉਨਤੀਆਂ ਲਈ ਟੈੱਟ ਲਾਜ਼ਮੀ ਹੋਣ ਦਾ ਪੱਤਰ ਜਾਰੀ ਕਰਕੇ ਟੈੱਟ ਤੋਂ ਛੋਟ ਦੇਣ ਦਾ 14 ਸਤੰਬਰ 2017 ਦਾ ਪੱਤਰ ਰੱਦ ਕਰਨ ਅਤੇ ਲੰਬੇ ਸਮੇਂ ਤੋਂ ਨੌਕਰੀ ਕਰਦੇ ਅਧਿਆਪਕਾ ਤੇ ਟੈੱਟ ਦਾ ਪੇਪਰ ਲਾਗੂ ਕਰਨ ਦੇ ਵਿਰੋਧ ਵਿਚ ਪੰਜਾਬ ਦੀਆਂ ਅਧਿਆਪਕਾਂ ਜਥੇਬੰਦੀਆਂ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ 22 ਫਰਵਰੀ ਨੂੰ ਸੂਬਾ ਪੱਧਰੀ ਮਹਾਂ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਹੈ | ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵਿਚ ਵਿਆਪਕ ਸੁਧਾਰ ਲਿਆਉਣ ਦੇ ਨਾਂ 'ਤੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਸੁਪਰੀਮ ਕੋਰਟ ਦੇ ਬਹਾਨੇ ਨਾਲ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਸਿੱਖਿਆ ਵਿਭਾਗ ਵਿਚ ਅਧਿਆਪਕਾਂ ਦੀ ਹੋਰ ਗਿਣਤੀ ਘਟਾਉਣ ਲਈ ਹੀ ਇਹੋ ਜਿਹੇ ਕਦਮ ਉਠਾ ਰਹੀ ਹੈ | ਜਿਸ ਦਾ ਪੰਜਾਬ ਦੇ ਅਧਿਆਪਕ 22 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ ਮਹਾਂ ਰੋਸ ਪ੍ਰਦਰਸ਼ਨ ਕਰਕੇ ਡਟਵਾਂ ਵਿਰੋਧ ਕਰਨਗੇ | ਆਗੂਆਂ ਨੇ ਦੱਸਿਆ ਕਿ ਇਸ ਰੈਲੀ ਵਿਚ ਬਲਾਕ ਧਰਮਕੋਟ ਤੋਂ ਵੱਡੀ ਗਿਣਤੀ ਵਿਚ ਅਧਿਆਪਕ ਇਸ ਰੈਲੀ ਦਾ ਹਿੱਸਾ ਬਣਨਗੇ | ਉਨ੍ਹਾਂ ਮੀਟਿੰਗ ਵਿਚ ਆਏ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਰੈਲੀ ਦੀਆਂ ਤਿਆਰੀਆਂ ਵਿਚ ਜੁੱਟ ਜਾਣ ਅਧਿਆਪਕ ਆਗੂਆਂ ਨੇ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੂੰ ਸਮੁੱਚੇ ਅਧਿਆਪਕ ਵਰਗ 'ਤੇ ਇਸ ਹਮਲੇ ਦੇ ਖ਼ਿਲਾਫ਼ ਸਾਂਝੇ ਸੰਘਰਸ਼ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਤਾਂ ਜੋ ਸਰਕਾਰ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ | ਇਸ ਸਮੇਂ ਗੁਰਮੇਲ ਰੇੜ੍ਹਵਾਂ, ਗੁਰਵਿੰਦਰ ਸਾਦਿਵਾਲਾ, ਗੁਰਮੀਤ ਸਿੰਘ ਧਰਮਕੋਟ, ਪੁਨੀਤ ਕੁਮਾਰ, ਪਵਨ ਕੁਮਾਰ, ਜਗਦੀਪ ਸਿੰਘ, ਜੱਜਦੀਪ ਸਿੰਘ, ਅਵਤਾਰ ਸਿੰਘ, ਮੈਡਮ ਹਰਪ੍ਰੀਤ ਕੌਰ, ਮੈਡਮ ਜੀਵਨਜੋਤ ਕੌਰ, ਮੈਡਮ ਮੋਨਿਕਾ ਹਾਜ਼ਰ ਸਨ |