ਮੋਗਾ, 19 ਫਰਵਰੀ (ਸੁਰਿੰਦਰਪਾਲ ਸਿੰਘ)-ਅੱਜ ਜ਼ਿਲ੍ਹਾ ਪੁਲਿਸ ਮੁਖੀ ਅਜੈ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੀ.ਐਸ.ਪੀ. ਸਿਟੀ ਗੁਰਪ੍ਰੀਤ ਸਿੰਘ ਅਤੇ ਡੀ.ਐਸ.ਪੀ. ਟਰੈਫ਼ਿਕ ਜ਼ੋਰਾ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੀ ਇਕ ਪ੍ਰਮੁੱਖ ਵਿੱਦਿਅਕ ਸੰਸਥਾ ਲਰਨਿੰਗ ਫੀਲਡਜ਼ ਏ ਗਲੋਬਲ ਸਕੂਲ ਵਿਖੇ ਸਾਈਬਰ ਅਪਰਾਧ ਅਤੇ ਟਰੈਫ਼ਿਕ ਨਿਯਮਾਂ ਬਾਰੇ ਸੈਮੀਨਾਰ ਕਰਵਾਇਆ ਗਿਆ | ਟਰੈਫ਼ਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ.ਐਸ.ਆਈ. ਕੇਵਲ ਸਿੰਘ ਸੈਮੀਨਾਰ ਵਿਚ ਵਿਸ਼ੇਸ਼ ਮਹਿਮਾਨ ਸਨ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਅਤੇ ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਉਨ੍ਹਾਂ ਦਾ ਸਵਾਗਤ ਗੁਲਦਸਤਾ ਦੇ ਕੇ ਕੀਤਾ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਏ.ਐਸ.ਆਈ. ਕੇਵਲ ਸਿੰਘ ਨੇ ਵਿਦਿਆਰਥੀਆਂ ਨੂੰ ਟਰੈਫ਼ਿਕ ਸਿਗਨਲਾਂ, ਟਰੈਫ਼ਿਕ ਨਿਯਮਾਂ ਦੀ ਪਾਲਣਾ, 112 ਹੈਲਪ ਲਾਈਨ ਨੰਬਰ, ਨਸ਼ਿਆਂ ਤੋਂ ਦੂਰ ਰਹਿਣ ਅਤੇ ਸਾਈਬਰ ਅਪਰਾਧ ਰਾਹੀਂ ਧੋਖਾਧੜੀ ਤੋਂ ਬਚਣ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ | ਏ.ਐਸ.ਆਈ. ਕੇਵਲ ਸਿੰਘ ਨੇ ਸਾਰਿਆਂ ਨੂੰ ਟਰੈਫ਼ਿਕ ਸਿਗਨਲਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਨੇ ਸਾਰਿਆਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ, ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ, ਤੇਜ਼ ਰਫ਼ਤਾਰ ਤੋਂ ਬਚਣ, ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਪਹਿਨਣ, ਸ਼ਰਾਬ ਪੀ ਕੇ ਗੱਡੀ ਚਲਾਉਣ ਤੋਂ ਬਚਣ, ਵਾਹਨਾਂ ਦੇ ਪੂਰੇ ਦਸਤਾਵੇਜ਼ ਰੱਖਣ ਅਤੇ 112 ਹੈਲਪ ਲਾਈਨ ਨੰਬਰ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ | ਸਕੂਲ ਦੇ ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਨੇ ਦੱਸਿਆ ਕਿ ਇਸ ਸੈਮੀਨਾਰ ਦਾ ਉਦੇਸ਼ ਨੌਜਵਾਨਾਂ ਨੂੰ ਤਕਨਾਲੋਜੀ ਸੰਚਾਲਿਤ ਦੁਨੀਆ ਵਿਚ ਜ਼ਰੂਰੀ ਡਿਜੀਟਲ ਸੁਰੱਖਿਆ ਬਾਰੇ ਸਿੱਖਿਅਤ ਕਰਨਾ ਸੀ | ਚੌਥੀ ਤੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਹ ਸੈਮੀਨਾਰ ਮੁੱਖ ਤੌਰ 'ਤੇ ਆਨਲਾਈਨ ਖ਼ਤਰਿਆਂ, ਡਿਜੀਟਲ ਧੋਖਾਧੜੀ ਅਤੇ ਜ਼ਿੰਮੇਵਾਰ ਇੰਟਰਨੈਟ ਵਰਤੋਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸੀ | ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ, ਸਵਾਲ ਪੁੱਛੇ ਅਤੇ ਬਦਲਦੇ ਡਿਜੀਟਲ ਵਾਤਾਵਰਨ ਨੂੰ ਸਮਝਣ ਵਿਚ ਡੂੰਘੀ ਦਿਲਚਸਪੀ ਦਿਖਾਈ | ਸੈਮੀਨਾਰ ਦੀ ਇੰਟਰ ਐਕਟਿਵ ਪ੍ਰਕਿਰਤੀ ਨੇ ਇਹ ਯਕੀਨੀ ਬਣਾਇਆ ਕਿ ਵਿਦਿਆਰਥੀਆਂ ਨੂੰ ਨਾ ਸਿਰਫ਼ ਸਿਧਾਂਤਕ ਗਿਆਨ ਪ੍ਰਾਪਤ ਹੋਇਆ, ਸਗੋਂ ਵਰਚੂਅਲ ਦੁਨੀਆ ਵਿਚ ਸੁਰੱਖਿਅਤ ਰਹਿਣ ਦੇ ਵਿਹਾਰਕ ਤਰੀਕੇ ਵੀ ਪ੍ਰਾਪਤ ਹੋਏ | ਇਸ ਮੌਕੇ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਪ੍ਰਵੀਨ ਗਰਗ, ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਅਤੇ ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਸਾਈਬਰ ਕ੍ਰਾਈਮ ਅਤੇ ਟਰੈਫ਼ਿਕ ਪੁਲਿਸ ਵਿਭਾਗ ਦਾ ਇਕ ਸੁਰੱਖਿਅਤ ਡਿਜੀਟਲ ਭਾਈਚਾਰਾ ਬਣਾਉਣ ਵਿਚ ਉਨ੍ਹਾਂ ਦੇ ਕੀਮਤੀ ਯੋਗਦਾਨ ਅਤੇ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਵਿਚ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਗਈ ਜਾਣਕਾਰੀ ਲਈ ਧੰਨਵਾਦ ਕੀਤਾ |