ਕਿਸ਼ਨਪੁਰਾ ਕਲਾਂ, 19 ਫਰਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੀ 'ਪੰਜਾਬ ਬਚਾਓ, ਸੁਖਬੀਰ ਸਿੰਘ ਬਾਦਲ ਲਿਆਓ ਯਾਤਰਾ ਪੰਜਾਬ ਦੇ ਰਾਜ ਦੇ ਰਾਜਨੀਤਿਕ ਦਿ੍ਸ਼ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰੇਗੀ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਡੱਲਾ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲਗਭਗ 40 ਵਿਧਾਨ ਸਭਾ ਹਲਕਿਆਂ ਵਿਚ ਇਸ ਯਾਤਰਾ ਦੌਰਾਨ ਹੋਣ ਵਾਲੀਆਂ ਰੈਲੀਆਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਖੇਤੀਬਾੜੀ ਖੇਤਰ ਵਿਚ ਵੱਧ ਰਹੇ ਸੰਕਟ, ਪੰਜਾਬ ਵਿਚ ਹੜ੍ਹ ਨਾਲ ਹੋਏ ਨੁਕਸਾਨ ਲਈ ਪ੍ਰਭਾਵਿਤ ਲੋਕਾਂ ਨੂੰ ਢੁਕਵਾਂ ਮੁਆਵਜ਼ਾ ਦਿਵਾਉਣ, ਬੇਰੁਜ਼ਗਾਰੀ, ਉਦਯੋਗ ਤੇ ਵਪਾਰਕ ਖੇਤਰ ਦੀਆਂ ਚੁਨੌਤੀਆਂ, ਅਨੁਸੂਚਿਤ ਜਾਤੀਆਂ ਤੇ ਰਾਜ ਦੇ ਹੋਰ ਵਰਗਾਂ ਦੇ ਅਧਿਕਾਰਾਂ ਤੇ ਪੰਜਾਬ ਦੇ ਹੋਰ ਸਰੋਕਾਰਾਂ ਬਾਰੇ ਆਵਾਜ਼ ਬੁਲੰਦ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਯਾਤਰਾ ਨੌਜਵਾਨਾਂ 'ਚ ਵੱਡਾ ਉਤਸ਼ਾਹ ਪੈਦਾ ਹੋ ਰਿਹਾ ਹੈ | ਸੀਨੀਅਰ ਆਗੂ ਰਜਿੰਦਰ ਸਿੰਘ ਡੱਲਾ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਦੀ ਇਹ ਯਾਤਰਾ ਪੰਜਾਬ ਦੀ ਰਾਜਨੀਤੀ ਵਿਚ ਇਕ ਨਵਾਂ ਮੋੜ ਲਿਆਵੇਗੀ | ਅੰਤ ਵਿਚ ਡੱਲਾ ਨੇ ਕਿਹਾ ਹੈ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹੋ ਰਹੀਆਂ ਰੈਲੀਆਂ ਨੂੰ ਦੇ ਕੇ ਵਰਕਰਾਂ ਦੇ ਹੌਸਲੇ ਬੁਲੰਦ ਹਨ | ਇਸ ਮੌਕੇ ਪਰਮਿੰਦਰ ਸਿੰਘ ਭੁੱਲਰ, ਬਲਤੇਜ ਸਿੰਘ ਖਹਿਰਾ, ਰੇਸ਼ਮ ਸਿੰਘ, ਨੰਬਰਦਾਰ ਗੁਰਜਿੰਦਰ ਸਿੰਘ ਜੀਂਦੜਾ, ਪੰਚ ਜਗਦੀਪ ਸਿੰਘ ਢਿੱਲੋਂ, ਡਾ. ਗੁਰਪ੍ਰੀਤ ਸਿੰਘ ਢਿੱਲੋਂ, ਗੁਰਜੰਟ ਸਿੰਘ ਰਾਮੂਵਾਲੀਆ ਹਾਜ਼ਰ ਸਨ |