ਮੋਗਾ, 28 ਫਰਵਰੀ (ਸੁਰਿੰਦਰਪਾਲ ਸਿੰਘ)-ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਬਲਜਿੰਦਰ ਧਾਲੀਵਾਲ ਸੂਬਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਪੰਜਾਬ, ਹਰਜਿੰਦਰਪਾਲ ਸਿੰਘ ਪੰਨੂ ਸੂਬਾ ਪ੍ਰਧਾਨ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ, ਗੁਰਮੀਤ ਸਿੰਘ ਭੁੱਲਰ, ਦਿਲਜੀਤ ਸਿੰਘ ਸਭਰਵਾਲ ਅਤੇ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2011 ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾਂ/ਮੁਲਾਜ਼ਮਾਂ ਨੂੰ ਨੌਕਰੀ ਵਿਚ ਬਣੇ ਰਹਿਣ ਵਾਸਤੇ ਅਤੇ ਤਰੱਕੀਆਂ ਲੈਣ ਵਾਸਤੇ ਟੀਚਰ ਯੋਗਤਾ ਟੈਸਟ (ਟੈਟ) ਦੇਣਾ ਲਾਜ਼ਮੀ ਕਰਨ ਦੇ ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਵਿਰੋਧ ਵਿਚ ਅਤੇ ਇਸ ਮਸਲੇ ਨੂੰ ਸੰਜੀਦਗੀ ਨਾਲ ਹੱਲ ਕਰਨ ਵਾਸਤੇ ਇਕ ਮੰਗ ਪੱਤਰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਤੱਕ ਪਹੁੰਚਦਾ ਕਰਨ ਵਾਸਤੇ ਭਾਜਪਾ ਦੇ ਸੂਬਾ ਪ੍ਰਧਾਨ ਪੰਜਾਬ ਸੁਨੀਲ ਕੁਮਾਰ ਜਾਖੜ ਨੂੰ ਦਿੱਤਾ ਗਿਆ | ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨੇ ਭਾਜਪਾ ਪ੍ਰਧਾਨ ਨੂੰ ਹੋਰ ਵਿਸਥਾਰ ਵਿਚ ਦੱਸਿਆ ਕਿ ਇਸ ਮਸਲੇ ਦੇ ਹੱਲ ਲਈ ਪਾਰਲੀਮੈਂਟ ਵਿਚ ਇਕ ਆਰਡੀਨੈਂਸ ਜਾਰੀ ਕੀਤਾ ਜਾਵੇ ਜਾਂ ਮਾਣਯੋਗ ਸੁਪਰੀਮ ਕੋਰਟ ਵਿਚ ਪੀੜਤ ਅਧਿਆਪਕਾਂ ਦੇ ਹੱਕ ਵਿਚ ਇਕ ਰੀਵਿਊ ਪਟੀਸ਼ਨ ਪਾਈ ਜਾਵੇ ਜਿਸ ਨਾਲ ਭਾਰਤ ਦੇ 25 ਲੱਖ ਤੋਂ ਵੱਧ ਪੀੜਤ ਅਧਿਆਪਕਾਂ ਨੂੰ ਰਾਹਤ ਮਿਲ ਸਕੇ | ਸਾਰੀ ਗੱਲ ਧਿਆਨ ਨਾਲ ਸੁਣਨ ਤੋਂ ਬਾਅਦ ਸੁਨੀਲ ਜਾਖੜ ਵਲੋਂ ਜਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਪਹਿਲ ਦੇ ਆਧਾਰ 'ਤੇ ਅਧਿਆਪਕਾਂ ਦਾ ਪੱਖ ਕੇਂਦਰੀ ਸਿੱਖਿਆ ਮੰਤਰੀ ਦੇ ਸਾਹਮਣੇ ਰੱਖਿਆ ਜਾਵੇਗਾ | ਇਸ ਸਮੇਂ ਹੋਰਨਾਂ ਤੋਂ ਇਲਾਵਾ ਧਰਮਿੰਦਰ ਸਿੰਘ ਫ਼ਰੀਦਕੋਟ, ਸ਼ਮਸ਼ੇਰ ਸਿੰਘ ਮੋਗਾ, ਹਰਜਿੰਦਰ ਸਿੰਘ ਫ਼ਾਜ਼ਿਲਕਾ, ਗਗਨਦੀਪ ਸਿੰਘ, ਅਸ਼ੋਕ ਸਰਾਰੀ, ਜਗਨੰਦਨ ਸਿੰਘ ਫ਼ਾਜ਼ਿਲਕਾ, ਹਰਕਿ੍ਸ਼ਨ ਸਿੰਘ ਮੋਹਾਲੀ, ਧਰਮਿੰਦਰ ਸਿੰਘ ਫ਼ਰੀਦਕੋਟ, ਨੀਰਜ ਕੁਮਾਰ ਫ਼ਾਜ਼ਿਲਕਾ, ਰਾਜਵੰਤ ਸਿੰਘ ਮੋਹਾਲੀ, ਪ੍ਰਸ਼ੋਤਮ ਸਿੰਘ ਤਰਨ ਤਾਰਨ ਹਾਜ਼ਰ ਸਨ |