ਮੋਗਾ, 28 ਫਰਵਰੀ (ਸੁਰਿੰਦਰਪਾਲ ਸਿੰਘ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਘੋਲੀਆ ਨੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਸੂਬਾ ਕਨਵੀਨਰ ਲਖਬੀਰ ਸਿੰਘ ਲੱਖਾ ਦੀ ਪ੍ਰਧਾਨਗੀ 'ਚ ਵਿੱਢੀ ਪੰਦ੍ਹਰਵਾੜਾ ਮੁਹਿੰਮ ਤਹਿਤ ਸਾਫੂਵਾਲਾ ਵਿਖੇ ਮੀਟਿੰਗ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਘੋਲੀਆ ਨੇ ਸਾਫੂਵਾਲਾ ਵਿਖੇ ਮੀਟਿੰਗ 'ਚ ਬੋਲਦਿਆਂ ਕਿਹਾ ਕਿ ਸਾਡੀ ਸੂਬਾ ਕਮੇਟੀ ਨੇ ਮਜ਼ਦੂਰਾਂ ਦੀਆਂ ਭੱਖਦੀਆਂ ਮੰਗਾਂ ਲਈ ਮਜ਼ਦੂਰਾਂ ਨੂੰ ਜਾਗਰੂਕ ਕਰਨ ਲਈ ਪੰਦ੍ਹਰਵਾੜਾ ਮੁਹਿੰਮ ਸ਼ੁਰੂ ਕੀਤੀ ਹੋਈ ਹੈ | ਉਸ ਮੁਹਿੰਮ ਦੀ ਲੜੀ ਵਜੋਂ ਸਾਫੂਵਾਲਾ ਵਿਖੇ ਮਜ਼ਦੂਰਾਂ ਦਾ ਇਕੱਠ ਕੀਤਾ | ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਮਨਰੇਗਾ ਕਾਨੂੰਨ ਭੰਗ ਕਰ ਦਿੱਤਾ ਹੈ, ਲੇਬਰ ਕਾਨੂੰਨ ਰੱਦ ਕਰ ਕੇ ਚਾਰ ਲੇਬਰ ਕੋਡ ਬਣਾ ਦਿੱਤੇ ਹਨ | ਰਾਸ਼ਨ ਕਾਰਡਾਂ 'ਤੇ ਮਿਲਦਾ ਅਨਾਜ ਬੰਦ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ | ਬੇਰੁਜ਼ਗਾਰਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ, ਨਾ ਹੀ ਬੇਰੁਜ਼ਗਾਰੀ ਭੱਤਾ ਦਿੱਤਾ ਜਾ ਰਿਹਾ ਹੈ | ਲੋੜਵੰਦਾਂ ਨੂੰ ਦਸ ਦਸ ਮਰਲੇ ਦੇ ਪਲਾਟ ਨਹੀਂ ਦਿੱਤੇ ਜਾ ਰਹੇ, ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਨਹੀਂ ਕੀਤੇ ਜਾ ਰਹੇ, 58 ਸਾਲ ਦੇ ਮਜ਼ਦੂਰ ਤੇ 55 ਸਾਲ ਦੀ ਔਰਤ ਮਜ਼ਦੂਰ ਨੂੰ 10 ਹਜ਼ਾਰ ਰੁਪਏ ਪੈਨਸ਼ਨ ਨਹੀਂ ਦਿੱਤੀ ਜਾ ਰਹੀ | ਅਮਰੀਕਾ ਨਾਲ ਫ਼੍ਰੀ ਟਰੇਡ ਸਮਝੌਤੇ ਕਰ ਕੇ ਭਾਰਤੀ ਕਿਸਾਨਾਂ ਮਜ਼ਦੂਰਾਂ ਨੂੰ ਹੋਰ ਡੋਬਿਆ ਜਾ ਰਿਹਾ ਹੈ | ਆਗੂਆਂ ਨੇ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਆਪਣੀਆਂ ਮੰਗਾਂ ਲਈ ਸੰਘਰਸ਼ ਦੀਆਂ ਤਿਆਰੀਆਂ ਵਿੱਢੋ | ਅਖੀਰ ਪਿੰਡ ਕਮੇਟੀ ਦੀ ਚੋਣ ਕੀਤੀ ਗਈ, ਜਿਸ 'ਚ ਗੁਰਵਿੰਦਰ ਸਿੰਘ ਕਨਵੀਨਰ, ਜਸਵੀਰ ਸਿੰਘ ਕੋ ਕਨਵੀਨਰ, ਸ਼ਿੰਦਰ ਸਿੰਘ ਖ਼ਜ਼ਾਨਚੀ, ਦਲੇਰ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਮੰਨੂ, ਕੇਵਲ ਸਿੰਘ, ਅਮਰਜੀਤ ਸਿੰਘ, ਜਗਸੀਰ ਸਿੰਘ, ਸਵਰਨ ਸਿੰਘ, ਗੁਰਪ੍ਰੀਤ ਸਿੰਘ, ਸੰਤੋਖ ਸਿੰਘ ਕਮੇਟੀ ਮੈਂਬਰ ਚੁਣੇ ਗਏ | ਕਮੇਟੀ ਆਗੂਆਂ ਨੇ ਭਰੋਸਾ ਦਿਵਾਇਆ ਕਿ ਉਹ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀਆਂ ਸਰਗਰਮੀਆਂ 'ਚ ਵੱਧ ਚੜ੍ਹ ਕੇ ਹਿੱਸਾ ਲੈਣਗੇ |