ਮੋਗਾ, 28 ਫਰਵਰੀ (ਸੁਰਿੰਦਰਪਾਲ ਸਿੰਘ)-ਟਰੱਕ ਆਪ੍ਰੇਟਰ ਯੂਨੀਅਨ ਮੋਗਾ ਵਲੋਂ ਸਰਬੱਤ ਦੇ ਭਲੇ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਸਮੂਹ ਟਰੱਕ ਅਪਰੇਟਰਾਂ ਦੀ ਸਿਹਤ ਦੀ ਕਾਮਨਾ ਕਰਦਿਆਂ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ 'ਚ ਆਈ ਹੈ, ਮੋਗਾ ਦੇ ਸਮੂਹ ਟਰੱਕ ਆਪ੍ਰੇਟਰ ਆਪਣਾ ਬਿਜ਼ਨਸ ਅਮਨ ਸ਼ਾਂਤੀ ਦੇ ਨਾਲ ਕਰ ਰਹੇ ਹਨ ਤੇ ਅੱਜ ਟਰੱਕ ਯੂਨੀਅਨ ਮੋਗਾ ਦੀ ਅਗਵਾਈ ਬਹੁਤ ਹੀ ਸੂਝਵਾਨ ਨੌਜਵਾਨ ਆਗੂ ਆਗਿਆਪਾਲ ਕਰ ਰਹੇ ਹਨ ਤੇ ਆਮ ਆਦਮੀ ਪਾਰਟੀ ਦੇ ਦਰਵਾਜ਼ੇ ਹਮੇਸ਼ਾ ਟਰੱਕ ਅਪਰੇਟਰਾਂ ਲਈ ਖੁੱਲ੍ਹੇ ਹਨ | ਇਸ ਮੌਕੇ ਪ੍ਰਧਾਨ ਆਗਿਆਪਾਲ ਸਿੰਘ, ਸੁਨੀਲ ਕੁਮਾਰ, ਜਸਵਿੰਦਰ ਸਿੰਘ, ਪ੍ਰੀਤਮ ਸਿੰਘ, ਗੁਰਮੀਤ ਸਿੰਘ, ਵਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਟਰੱਕ ਆਪ੍ਰੇਟਰ ਹਾਜ਼ਰ ਸਨ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੀ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਟਰੱਕ ਅਪਰੇਟਰ ਯੂਨੀਅਨ ਵਲੋਂ ਪ੍ਰਧਾਨ ਆਗਿਆਪਾਲ ਸਿੰਘ ਦੀ ਅਗਵਾਈ 'ਚ ਸਨਮਾਨਿਤ ਕੀਤਾ | ਅਖੀਰ 'ਚ ਪ੍ਰਧਾਨ ਆਗਿਆਪਾਲ ਸਿੰਘ ਨੇ ਸਮੂਹ ਟਰੱਕ ਅਪਰੇਟਰਾਂ ਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ |