ਮੋਗਾ, 28 ਫਰਵਰੀ (ਸੁਰਿੰਦਰਪਾਲ ਸਿੰਘ)-ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਇਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ ਜੋ ਵਿੱਦਿਅਕ ਪੱਖ ਦੇ ਨਾਲ-ਨਾਲ ਹੋਰ ਅਜਿਹੀਆਂ ਗਤੀਵਿਧੀਆਂ ਦਾ ਹਿੱਸਾ ਵੀ ਬਣਦੀ ਹੈ ਜੋ ਸਮਾਜ ਦੇ ਉਦਾਰ ਲਈ ਲਾਹੇਵੰਦ ਸਾਬਤ ਹੁੰਦੀਆਂ ਹਨ | ਬੀਤੇ ਦਿਨੀਂ ਭਾਈ ਘਨੱਈਆ ਕੈਂਸਰ ਰੋਕ ਸੇਵਾ ਸੁਸਾਇਟੀ ਫ਼ਰੀਦਕੋਟ ਵਲੋਂ ਆਕਸਫੋਰਡ ਸੰਸਥਾ ਵਿਚ ਸਿਹਤ ਸਿੱਖਿਆ, ਵਾਤਾਵਰਨ, ਟ੍ਰੈਫ਼ਿਕ ਸਮਾਜਿਕ ਕੁਰੀਤੀਆਂ ਦੇ ਖ਼ਾਤਮੇ, ਨੈਤਿਕ ਕਦਰਾਂ-ਕੀਮਤਾਂ ਅਤੇ ਸਿਹਤਮੰਦ ਪੰਜਾਬ ਬਾਰੇ ਵਾਤਾਵਰਨ ਸੈਮੀਨਾਰ ਕਰਵਾਇਆ | ਸੈਮੀਨਾਰ ਦੇ ਮੁੱਖ ਮਹਿਮਾਨ ਅਮਰਜੀਤ ਸਿੰਘ ਬਰਾੜ ਯੂ. ਐਸ. ਏ., ਮੁੱਖ ਵਕਤਾ ਗੁਰਿੰਦਰ ਸਿੰਘ ਮਹਿੰਦੀਰੱਤਾ ਸਮਾਜ ਸੇਵੀ ਤੇ ਹੋਰ ਨਾਲ ਆਏ ਮਹਿਮਾਨਾਂ ਦਾ ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਵਲੋਂ ਨਿੱਘਾ ਸਵਾਗਤ ਕੀਤਾ | ਗੁਰਮੀਤ ਸਿੰਘ ਗਿੱਲ ਪ੍ਰਧਾਨ ਨੇ ਵਿਦਿਆਰਥੀਆਂ ਦੇ ਸਨਮੁੱਖ ਹੁੰਦੇ ਹੋਏ ਆਪਣੇ ਵਿਚਾਰਾਂ ਰਾਹੀਂ ਸਾਫ਼ ਵਾਤਾਵਰਨ ਦੀ ਮਹੱਤਤਾ, ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਤੇ ਸਮਾਜਿਕ ਕੁਰੀਤੀਆਂ ਦੇ ਖ਼ਾਤਮੇ 'ਤੇ ਜ਼ੋਰ ਦਿੱਤਾ | ਮੁੱਖ ਵਕਤਾ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਵਿਦਿਆਰਥੀਆਂ ਤੋਂ ਵਾਤਾਵਰਨ ਸਾਫ਼ ਰੱਖਣ ਤੇ ਸਾਫ਼ ਹਵਾ ਦੀ ਮਿਕਦਾਰ ਵਧਾਉਣ ਲਈ ਪਟਾਕੇ ਨਾ ਚਲਾਉਣ ਦਾ ਵਾਅਦਾ ਲਿਆ | ਉਨ੍ਹਾਂ ਵਿਦਿਆਰਥੀਆਂ ਨੂੰ ਸਭਿਅਕ ਢੰਗ ਦੇ ਕੱਪੜੇ ਪਾਉਣ ਦਾ ਵੀ ਸੁਨੇਹਾ ਦਿੱਤਾ | ਗੁਰਿੰਦਰ ਸਿੰਘ ਮਹਿੰਦੀਰੱਤਾ ਸਮਾਜ ਸੇਵੀ ਨੇ ਕਿਹਾ ਕਿ ਸਿਹਤ ਸੁਰੱਖਿਆ ਭਾਵ ਸਿਹਤ ਦੇ ਧੰਨ ਦੀ ਸੰਭਾਲ ਕਰ ਕੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖ ਕੇ, ਨੈਤਿਕ ਕਦਰਾਂ-ਕੀਮਤਾਂ ਦੇ ਧਾਰਨੀ ਹੋ ਕੇ ਹੀ ਇਕ ਸਿਹਤਮੰਦ ਸਮਾਜ ਦੀ ਸਿਰਜਨਾ ਕਰ ਸਕਦੇ ਹਾਂ | ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਕ ਸਿਹਤਮੰਦ ਪੰਜਾਬ ਦੇ ਸਿਰਜਕ ਬਣਨ ਲਈ ਸਾਨੂੰ ਖ਼ੁਦ ਨੂੰ ਜਾਗਰੂਕ ਹੋਣਾ ਪਵੇਗਾ ਅਤੇ ਆਲੇ-ਦੁਆਲੇ ਨੂੰ ਵੀ ਜਾਗਰੂਕ ਕਰਨਾ ਪਵੇਗਾ | ਅੰਤ 'ਚ ਉਨ੍ਹਾਂ ਨੇ ਭਾਈ ਘਨੱਈਆ ਕੈਂਸਰ ਰੋਕ ਸੇਵਾ ਸੁਸਾਇਟੀ ਫ਼ਰੀਦਕੋਟ ਅਤੇ ਕੋਟਕਪੂਰਾ ਗਰੁੱਪ ਆਫ਼ ਫੈਮਲੀਜ਼ ਬਰੈਂਪਟਨ ਕੈਨੇਡਾ, ਮੁੱਖ ਮਹਿਮਾਨ ਗੁਰਿੰਦਰ ਸਿੰਘ ਪ੍ਰੈੱਸ ਸਕੱਤਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਪਰਮਪਾਲ ਸਿੰਘ ਸ਼ੈਰੀ ਢਿੱਲੋਂ ਵਾਈਸ ਚੇਅਰਮੈਨ, ਗੁਰਮੀਤ ਸਿੰਘ ਗਿੱਲ ਸਰਪੰਚ ਵਿੱਤ ਸਕੱਤਰ, ਕੋਆਰਡੀਨੇਟਰ ਤੇ ਸਮੂਹ ਸਟਾਫ਼ ਮੈਂਬਰ ਮੌਜੂਦ ਸਨ |