ਨਿਹਾਲ ਸਿੰਘ ਵਾਲਾ, 1 ਮਾਰਚ (ਪਲਵਿੰਦਰ ਸਿੰਘ ਟਿਵਾਣਾ)-ਸੰਯੁਕਤ ਰਾਜ ਅਮਰੀਕਾ ਤੇ ਇਜ਼ਰਾਈਲ ਵਲੋਂ ਇਰਾਨ 'ਤੇ ਕੀਤੇ ਹਮਲੇ ਦਾ ਸਮਾਜ ਦੇ ਚੇਤਨ ਲੋਕ ਤਿੱਖਾ ਵਿਰੋਧ ਕਰ ਰਹੇ ਹਨ ਕਿਉਂਕਿ ਯੁੱਧ ਕਿਸੇ ਮਸਲੇ ਦਾ ਹੱਲ ਨਹੀਂ ਹੈ | ਸਿੱਖਿਆ ਸ਼ਾਸਤਰੀ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਚੱਲ ਰਹੀ ਜੰਗ ਬਾਰੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਟੋਲੀ ਦੁਨੀਆ ਦੇ ਲੋਕਾਂ ਨੂੰ ਜੰਗ ਰੂਪੀ ਅੱਗ ਦੀ ਭੱਠੀ ਵਿਚ ਝੋਕਣ ਲਈ ਕਸੂਰਵਾਰ ਹੈ | ਉਨ੍ਹਾਂ ਕਿਹਾ ਕਿ ਟਰੰਪ ਆਪਣੀ ਹਉਮੈ ਨੂੰ ਪੱਠੇ ਪਾਉਣ ਤੇ ਆਪਣੇ ਨਿੱਜੀ ਆਰਥਿਕ ਮੁਫਾਦਾਂ ਲਈ ਕਦੇ ਕਿਸੇ ਦੇਸ਼ 'ਤੇ ਹਮਲਾ ਕਰ ਦਿੰਦਾ ਹੈ ਤੇ ਕਦੇ ਕਿਸੇ ਦੇਸ਼ ਨੂੰ ਧਮਕੀਆਂ ਦਿੰਦਾ ਰਹਿੰਦਾ ਹੈ | ਅਜਿਹੇ ਨੇਤਾਵਾਂ ਦਾ ਅਜਿਹਾ ਵਰਤਾਰਾ ਵਿਸ਼ਵ ਸ਼ਾਂਤੀ ਨੂੰ ਲਾਂਬੂ ਲਾਉਣ ਦੇ ਤੁਲ ਹੈ |