ਮੋਗਾ, 29 ਮਾਰਚ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੀ ਐਮ.ਫਾਰਮ ਫਾਰਮਾਕੋਲੋਜੀ ਦੇ ਅੰਤਿਮ ਸਾਲ ਦੀ ਵਿਦਿਆਰਥਣ ਸੁਰਭੀ ਗੁਪਤਾ ਨੂੰ ਬਿਹਾਰ ਰਾਜ ਦੇ ਮਹਾਦੇਵ ਲਾਲ ਸਰਾਫ ਕਾਲਜ ਆਫ਼ ਫਾਰਮੇਸੀ ਵਿਖੇ ਕਰਵਾਏ ਅੰਤਰ-ਰਾਸ਼ਟਰੀ ਕਾਨਫ਼ਰੰਸ ਫਾਰਮਾ ਇੰਸਪੈਕਟ੍ਰੌਨ 2026 ਆਨ ਇਨੋਵੇਸ਼ਨ ਐਂਡ ਫਿਊਚਰ ਟਰੈਂਡਜ਼ ਇਨ ਫਾਰਮਾਸਿਊਟੀਕਲ ਐਂਡ ਬਾਇਓਮੈਡੀਕਲ ਸਾਇੰਸ ਵਿਚ ਸਨਮਾਨਿਤ ਕੀਤਾ ਗਿਆ ਜਿਸ ਵਿਚ ਵਿਦਿਆਰਥਣ ਸੁਰਭੀ ਨੇ ਪੋਸਟਰ ਪ੍ਰੈਜ਼ੈਂਟੇਸ਼ਨ ਵਿਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਤੇ ਪੰਜ ਹਜ਼ਾਰ ਰੁਪਏ ਦਾ ਯਾਦਗਾਰੀ ਚਿੰਨ੍ਹ, ਸਰਟੀਫਿਕੇਟ ਅਤੇ ਨਗਦ ਇਨਾਮ ਜਿੱਤ ਕੇ ਸੰਸਥਾ ਦਾ ਮਾਣ ਵਧਾਇਆ | ਸੁਰਭੀ ਐਸੋਸੀਏਟ ਪ੍ਰੋਫੈਸਰ ਸਾਨੀਆ ਗਰੋਵਰ ਦੀ ਨਿਗਰਾਨੀ ਹੇਠ ਆਪਣਾ ਖੋਜ ਕਾਰਜ ਕਰ ਰਹੀ ਹੈ | ਸਾਨੀਆ ਗਰੋਵਰ ਨੇ ਕਿਹਾ ਕਿ ਸੁਰਭੀ ਬਹੁਤ ਤਕਨੀਕੀ ਅਤੇ ਪ੍ਰਯੋਗਾਤਮਿਕ ਤੌਰ 'ਤੇ ਹੁਨਰਮੰਦ ਹੈ ਅਤੇ ਉਸ ਨੇ ਅੰਤਰ-ਰਾਸ਼ਟਰੀ ਕਾਨਫ਼ਰੰਸ ਵਿਚ ਆਪਣਾ ਖੋਜ ਕਾਰਜ ਪੇਸ਼ ਕਰ ਕੇ ਇਸ ਦੀ ਪੁਸ਼ਟੀ ਕੀਤੀ ਹੈ | ਫਾਰਮਾਕੋਲੋਜੀ ਦੇ ਮੁਖੀ ਡਾ. ਸ਼ਮਸ਼ੇਰ ਸਿੰਘ ਨੇ ਕਿਹਾ ਕਿ ਐਮ.ਫਾਰਮ ਦੇ ਸਾਰੇ ਵਿਦਿਆਰਥੀ ਦੇਸ਼-ਵਿਦੇਸ਼ ਵਿਚ ਆਪਣਾ ਖੋਜ ਕਾਰਜ ਪੇਸ਼ ਕਰ ਕੇ ਵਿਭਾਗ ਤੇ ਸੰਸਥਾ ਦਾ ਨਾਂਅ ਰੌਸ਼ਨ ਕਰ ਰਹੇ ਹਨ | ਇਸ ਪ੍ਰਾਪਤੀ 'ਤੇ ਵਿਦਿਆਰਥਣ ਸੁਰਭੀ ਅਤੇ ਉਸ ਦੀ ਗਾਈਡ ਸਾਨੀਆ ਗਰੋਵਰ ਨੂੰ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਪਿ੍ੰਸੀਪਲ ਡਾ. ਆਰ.ਕੇ. ਨਾਰੰਗ ਨੇ ਵਧਾਈ ਦਿੱਤੀ |