ਮੋਗਾ, 29 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਆਰਟੀਫੀਸ਼ੀਅਲ ਇੰਟੈਲੀਜੈਂਸ-ਆਧਾਰਿਤ 3-ਡੀ ਰੋਬੋਟਿਕਸ ਨਾਲ ਗੋਡੇ ਬਦਲਣ ਦੀ ਸਰਜਰੀ ਹੁਣ ਮੋਗਾ ਸ਼ਹਿਰ 'ਚ ਸੰਭਵ ਹੈ | ਇਸ ਤਕਨੀਕ ਨਾਲ ਮੋਗਾ ਸ਼ਹਿਰ ਦੀਆਂ ਸਿਹਤ ਸੰਭਾਲ ਖੇਤਰ 'ਚ ਇਕ ਵੱਡਾ ਮੀਲ ਪੱਥਰ ਸਥਾਪਿਤ ਕੀਤਾ ਹੈ | ਹੁਣ ਇਹ ਸਹੂਲਤ ਜੀ.ਐਸ. ਮੈਮੋਰੀਅਲ ਪ੍ਰੇਮ ਹਸਪਤਾਲ ਮੋਗਾ ਵਿਖੇ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਮਰੀਜ਼ਾਂ ਨੂੰ ਹੁਣ ਵੱਡੇ ਸ਼ਹਿਰਾਂ 'ਚ ਜਾਣ ਦੀ ਜ਼ਰੂਰਤ ਨਹੀਂ ਹੈ | ਅੱਜ ਪ੍ਰੇਮ ਹਸਪਤਾਲ ਵਿਖੇ ਹੱਡੀਆਂ ਤੇ ਜੋੜਾਂ ਦੇ ਮਾਹਿਰ ਡਾ. ਮਨਵਿੰਦਰ ਸਿੰਘ ਨੇ 3-ਡੀ ਰੋਬੋਟਿਕਸ ਤੇ ਏ.ਆਈ. ਤਕਨਾਲੋਜੀ ਦੀ ਵਰਤੋਂ ਨਾਲ ਇਕ 75 ਸਾਲਾਂ ਬਜ਼ੁਰਗ ਦਾ ਪਹਿਲਾ ਗੋਡਿਆਂ ਦਾ ਸਫ਼ਲ ਆਪ੍ਰੇਸ਼ਨ ਕੀਤਾ | ਉਪਰੰਤ ਪ੍ਰੇਮ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਰਥੋਪੈਡਿਕ ਸਰਜਨ ਡਾ. ਪ੍ਰੇਮ ਸਿੰਘ ਤੇ ਉਨ੍ਹਾਂ ਦੇ ਸਪੁੱਤਰ ਡਾ. ਮਨਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਨਵੀਂ 3-ਡੀ ਰੋਬੋਟਿਕਸ ਤੇ ਏ.ਆਈ. ਆਧਾਰਿਤ ਤਕਨਾਲੋਜੀ ਦੇ ਨਾਲ ਇਹ ਸੀਮਾ ਖ਼ਤਮ ਹੋ ਗਈ ਹੈ | ਹੁਣ ਕਿਸੇ ਵੀ ਨਾਮਵਰ ਕੰਪਨੀ ਤੋਂ ਇਮਪਲਾਂਟ ਮਰੀਜ਼ ਦੀ ਸਥਿਤੀ ਤੇ ਜ਼ਰੂਰਤਾਂ ਦੇ ਆਧਾਰ 'ਤੇ ਚੋਣ ਕੀਤੀ ਜਾ ਸਕਦੀ ਹੈ | ਆਰਥੋਪੈਡਿਕ ਦੇ ਨਾਮਵਰ ਸਰਜਨ ਡਾ. ਪ੍ਰੇਮ ਸਿੰਘ ਤੇ ਡਾ. ਮਨਵਿੰਦਰ ਸਿੰਘ ਨੇ ਦੱਸਿਆ ਕਿ ਇਸ ਆਧੁਨਿਕ ਤਕਨੀਕ ਨਾਲ ਸਭ ਤੋਂ ਮਹੱਤਵਪੂਰਨ ਫ਼ਾਇਦਾ ਇਸ ਦੀ ਗੁਣਵੱਤਾ ਹੈ | ਸਰਜਰੀ ਤੋਂ ਪਹਿਲਾਂ ਮਰੀਜ਼ ਦੇ ਗੋਡੇ ਦਾ ਸਿਟੀ ਸਕੈਨ ਕਰਕੇ ਇਕ ਪੂਰੀ ਡਿਜੀਟਲ ਯੋਜਨਾ ਤਿਆਰ ਕੀਤੀ ਜਾਂਦੀ ਹੈ | 3-ਡੀ ਰੋਬੋਟਿਕਸ ਤਕਨਾਲੋਜੀ ਜ਼ਿਆਦਾ ਸਰਜੀਕਲ ਕੰਮ ਨੂੰ ਪਹਿਲਾਂ ਤੋਂ ਯੋਜਨਾਬੱਧ ਕਰਨ ਦੀ ਆਗਿਆ ਦਿੰਦੀ ਹੈ | ਯੋਜਨਾ ਨੂੰ ਇਕ ਮਾਹਿਰ ਸਰਜਨ ਦੀ ਨਿਗਰਾਨੀ ਹੇਠ ਆਪ੍ਰੇਸ਼ਨ ਥੀਏਟਰ 'ਚ ਲਾਗੂ ਕੀਤਾ ਜਾਂਦਾ ਹੈ ਜਿਸ ਨਾਲ ਸਮੇਂ ਦੀ ਬੱਚਤ ਦੇ ਨਾਲ-ਨਾਲ ਵਧੇਰੇ ਸਹੀ ਨਤੀਜੇ ਮਿਲਦੇ ਹਨ ਤੇ ਮਰੀਜ਼ ਦੀ ਰਿਕਵਰੀ ਵੀ ਜਲਦ ਹੁੰਦੀ ਹੈ | ਹੁਣ ਤੱਕ ਮੋਗਾ ਦੇ ਮਰੀਜ਼ਾਂ ਨੂੰ ਅਜਿਹੀਆਂ ਆਧੁਨਿਕ ਸਰਜਰੀਆਂ ਲਈ ਚੰਡੀਗੜ੍ਹ, ਬਠਿੰਡਾ ਜਾਂ ਏਮਜ਼ ਵਰਗੇ ਹਸਪਤਾਲਾਂ 'ਚ ਜਾਣਾ ਪੈਂਦਾ ਸੀ | ਇਸ ਸਰਜਰੀ ਦੀ ਵਿਲੱਖਣ ਵਿਸ਼ੇਸ਼ਤਾ ਇਹ ਹੈ ਕਿ ਮਰੀਜ਼ ਦੀ ਦੇਖ-ਭਾਲ ਦੋਹਰੀ ਮੁਹਾਰਤ ਨਾਲ ਕੀਤੀ ਜਾਵੇਗੀ ਜਦੋਂ ਕਿ ਡਾ. ਪ੍ਰੇਮ ਸਿੰਘ ਕੋਲ 40 ਸਾਲ ਦਾ ਤਜਰਬਾ ਹੈ | ਇਸ ਤੋਂ ਇਲਾਵਾ ਮਰੀਜ਼ ਨੂੰ ਨਵੀਂ ਤਕਨਾਲੋਜੀ ਦੇ ਮਾਹਿਰ ਡਾ. ਮਨਵਿੰਦਰ ਸਿੰਘ ਦੀ ਨਿਗਰਾਨੀ ਵੀ ਮਿਲੇਗੀ ਜਿਸ ਨਾਲ ਮਰੀਜ਼ਾਂ ਨੂੰ ਬਿਹਤਰ, ਸੁਰੱਖਿਅਤ ਤੇ ਤੇਜ਼ੀ ਨਾਲ ਰਿਕਵਰੀ ਦਾ ਫ਼ਾਇਦਾ ਹੋਵੇਗਾ |