ਮੋਗਾ, 29 ਮਾਰਚ (ਸੁਰਿੰਦਰਪਾਲ ਸਿੰਘ)-ਪ੍ਰਗਤੀਸ਼ੀਲ ਮੰਚ ਪੰਜਾਬ ਦੇ ਸੂਬਾਈ ਪ੍ਰਧਾਨ ਬਲਕਰਨ ਮੋਗਾ ਨੇ ਕਿਹਾ ਕਿ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੋਣ ਦਾ ਮਾਣ ਹਾਸਲ ਹੈ ਪਰ ਇਸ ਲੋਕਤੰਤਰੀ ਦੇਸ਼ ਵਿਚ ਵੀ ਲੋਕ ਹਰ ਵਾਰ ਰਾਜਨੀਤਕ ਪਾਰਟੀਆਂ ਦੇ ਝੂਠੇ ਵਾਅਦਿਆਂ ਨਾਲ ਠੱਗੇ ਜਾਂਦੇ ਹਨ | ਇਸ ਦਾ ਖ਼ਮਿਆਜ਼ਾ ਉਨ੍ਹਾਂ ਨੂੰ ਪੂਰੇ 5 ਸਾਲ ਭੁਗਤਣਾ ਪੈਂਦਾ ਹੈ | ਪੰਜ ਸਾਲ ਬਹੁਤ ਲੰਬਾ ਸਮਾਂ ਹੈ | ਲੋਕਾਂ ਨਾਲ ਰਾਜਨੀਤਕ ਪਾਰਟੀਆਂ ਦੁਆਰਾ ਕੀਤੀ ਜਾਂਦੀ ਮਕਾਰੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ | ਇਸ ਲਈ ਚੁਣੀ ਗਈ ਸਰਕਾਰ ਚੋਣ ਮੈਨੀਫੈਸਟੋ ਵਿਚ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਨ ਲਈ ਕਾਨੂੰਨੀ ਤੌਰ 'ਤੇ ਪਾਬੰਦ ਹੋਵੇ | ਜੇਕਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੁੰਦੇ ਤਾਂ ਵੋਟਰਾਂ ਨੂੰ ਬੇਵਿਸ਼ਵਾਸੀ ਮਤੇ ਰਾਹੀਂ ਜਨਮਤ ਸੰਗ੍ਰਹਿ ਰਾਹੀਂ ਚੁਣੇ ਨੁਮਾਇੰਦਿਆਂ ਨੂੰ ਉਨ੍ਹਾਂ ਦੇ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਵਾਪਸ ਬੁਲਾਉਣ ਦਾ ਅਧਿਕਾਰ ਦਿੱਤਾ ਜਾਵੇ | ਅਜਿਹੇ ਕਾਨੂੰਨਾਂ ਰਾਹੀਂ ਰਾਜਨੀਤੀ ਵਿਚ ਕਾਫ਼ੀ ਹੱਦ ਤੱਕ ਪਾਰਦਰਸ਼ਤਾ ਆ ਸਕਦੀ ਹੈ ਅਤੇ ਲੀਡਰਾਂ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਇਆ ਜਾ ਸਕਦਾ ਹੈ | ਪ੍ਰਗਤੀਸ਼ੀਲ ਮੰਚ ਪੰਜਾਬ ਪਿਛਲੇ ਅੱਠ ਸਾਲਾਂ ਤੋਂ ਇਹ ਕਾਨੂੰਨ ਬਣਾਉਣ ਦੀ ਮੰਗ ਲਗਾਤਾਰ ਉਠਾ ਰਹੀ ਹੈ | ਜ਼ਿਕਰਯੋਗ ਹੈ ਕਿ ਇਹ ਕਾਨੂੰਨ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਜਿਵੇਂ ਸਵਿਟਜਰਲੈਂਡ, ਵੈਨੇਜ਼ੁਏਲਾ, ਅਮਰੀਕਾ, ਕੈਨੇਡਾ ਆਦਿ ਵਿਚ ਵੀ ਕਿਸੇ ਨਾ ਕਿਸੇ ਰੂਪ ਵਿਚ ਲਾਗੂ ਹੈ |