ਮੋਗਾ, 11 ਮਈ (ਸੁਰਿੰਦਰਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਵਲੋਂ ਅੰਮਿ੍ਤਸਰ ਅਤੇ ਜਲੰਧਰ ਵਿਚ ਹੋਏ ਧਮਾਕਿਆਂ ਦੇ ਮਾਮਲੇ ਵਿਚ ਭਾਜਪਾ 'ਤੇ ਲਗਾਏ ਗਏ ਦੋਸ਼ਾਂ ਦੇ ਵਿਰੋਧ ਵਿਚ ਅੱਜ ਮੋਗਾ ਦੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨ ਤੋਂ ਬਾਅਦ ਐਸ.ਐਸ.ਪੀ. ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਦੌਰਾਨ ਭਾਜਪਾ ਵਰਕਰਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ | ਧਰਨੇ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਕਿਹਾ ਕਿ ਕਿਸੇ ਸੰਵਿਧਾਨਕ ਅਹੁਦੇ 'ਤੇ ਬੈਠੇ ਵਿਅਕਤੀ ਨੂੰ ਬਿਨਾਂ ਤੱਥਾਂ ਦੇ ਇਸ ਤਰ੍ਹਾਂ ਦੇ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ ਜਦਕਿ ਦੂਜੇ ਪਾਸੇ ਮੁੱਖ ਮੰਤਰੀ ਰਾਜਨੀਤਕ ਬਿਆਨਬਾਜ਼ੀ ਕਰ ਕੇ ਮਾਮਲੇ ਨੂੰ ਹੋਰ ਦਿਸ਼ਾ ਵਿਚ ਮੋੜਨ ਦੀ ਕੋਸ਼ਿਸ਼ ਕਰ ਰਹੇ ਹਨ | ਮੁੱਖ ਮੰਤਰੀ ਵਲੋਂ ਸਿੱਧੇ ਭਾਜਪਾ 'ਤੇ ਦੋਸ਼ ਲਗਾਉਣਾ ਦੁਖਦਾਈ ਹੈ | ਡਾ. ਹਰਜੋਤ ਕਮਲ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਭਾਜਪਾ ਨੂੰ ਨਿਸ਼ਾਨਾ ਬਣਾ ਕੇ ਅਸਲ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ | ਭਾਜਪਾ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਲਗਾਤਾਰ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਅਤੇ ਧਮਾਕਿਆਂ ਨੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਅਜਿਹੇ ਸੰਵੇਦਨਸ਼ੀਲ ਮਾਮਲਿਆਂ ਵਿਚ ਰਾਜਨੀਤਕ ਦੋਸ਼ ਲਗਾਉਣ ਦੀ ਬਜਾਏ ਸਰਕਾਰ ਨੂੰ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਬੇਨਕਾਬ ਕਰਨਾ ਚਾਹੀਦਾ ਹੈ | ਧਰਨੇ ਦੌਰਾਨ ਭਾਜਪਾ ਵਰਕਰਾਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ | ਭਾਜਪਾ ਆਗੂਆਂ ਨੇ ਦੋਸ਼ ਲਗਾਇਆ ਕਿ ਰਾਜ ਸਰਕਾਰ ਕਾਨੂੰਨ ਵਿਵਸਥਾ ਕਾਇਮ ਰੱਖਣ ਵਿਚ ਨਾਕਾਮ ਰਹੀ ਹੈ ਅਤੇ ਆਪਣੀਆਂ ਨਾਕਾਮੀਆਂ ਤੋਂ ਧਿਆਨ ਹਟਾਉਣ ਲਈ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਡਾ. ਹਰਜੋਤ ਕਮਲ ਨੇ ਕਿਹਾ ਕਿ ਲੋਕਤੰਤਰਿਕ ਪ੍ਰਣਾਲੀ ਵਿਚ ਸੰਵਿਧਾਨਕ ਅਹੁਦਿਆਂ ਦੀ ਮਰਿਆਦਾ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ | ਭਾਜਪਾ ਆਗੂਆਂ ਨੇ ਅੰਮਿ੍ਤਸਰ ਅਤੇ ਜਲੰਧਰ ਧਮਾਕਿਆਂ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਦੀ ਮੰਗ ਕਰਦੇ ਹੋਏ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ | ਇਸ ਮੌਕੇ ਤੇ ਨਿਧੜਕ ਸਿੰਘ ਬਰਾੜ, ਵਿਜੇ ਸ਼ਰਮਾ, ਵਿਨੇ ਸ਼ਰਮਾ, ਰਾਕੇਸ਼ ਸ਼ਰਮਾ, ਮੁਖ਼ਤਿਆਰ ਸਿੰਘ, ਲਖਵੰਤ ਸਿੰਘ ਸਾਫੂਵਾਲਾ, ਮਨਿੰਦਰ ਕੌਰ ਸਲੀਣਾ, ਜੈ ਭਾਰਤ ਮੰਚ ਮਾਲਵਾ ਜ਼ੋਨ ਦੇ ਪ੍ਰਧਾਨ ਗੁਰਚਰਨ ਸਿੰਘ ਠੱਠੀ ਭਾਈ, ਕਮਲਜੀਤ ਕੌਰ ਧੱਲੇਕੇ, ਗੁਰਮੇਲ ਸਿੰਘ ਸਰਾਂ, ਰਾਜਪਾਲ ਠਾਕੁਰ, ਸ਼ਮਸ਼ੇਰ ਸਿੰਘ ਕੈਲੇ, ਕੁਲਦੀਪ ਸਿੰਘ ਦੀਪਾ, ਸਤਨਾਮ ਸਿੰਘ ਘੱਲ ਕਲਾਂ, ਨਿਰਮਲ ਸਿੰਘ ਲੰਢੇਕੇ, ਕੁਲਭੂਸ਼ਨ ਜੈਦਕਾ, ਹਰਵਿੰਦਰ ਸਿੰਘ ਚੜਿੱਕ, ਦੇਵ ਪਿ੍ਆ ਤਿਆਗੀ, ਲਖਵੀਰ ਸਿੰਘ ਘੱਲ ਕਲਾਂ, ਸੋਨੂੰ ਅਰੋੜਾ, ਸੋਨੂੰ ਸ਼ਰਮਾ, ਰੁਦਰ ਸ਼ਰਮਾ, ਸੰਦੀਪ ਕੌਰ ਚੜਿੱਕ, ਅਰਜੁਨ ਕੁਮਾਰ ਦੇਵ ਦਾਰਾਪੁਰ, ਉਮਾਕਾਂਤ ਸਿੰਘ, ਸੁਰਿੰਦਰ ਸਿੰਘ, ਭੁਪਿੰਦਰ ਹੈਪੀ, ਵਿਨੋਦ ਸ਼ਰਮਾ, ਹੈਪੀ ਢੇਸੀ, ਰਾਜਵਿੰਦਰ ਕੌਰ, ਹਰਜਿੰਦਰ ਮਾਛੀਕੇ, ਸੁਖਜਿੰਦਰ ਵਾਂਦਰ, ਸੁਖਚੈਨ ਸਿੰਘ ਦਾਤਾ, ਧੀਰਜ ਕੁਮਾਰ, ਸਤਨਾਮ ਸਿੰਘ ਮਹੇਸ਼ਰੀ ਸਮੇਤ ਵੱਡੀ ਗਿਣਤੀ ਵਿਚ ਵਰਕਰ ਅਤੇ ਸਮਰਥਕ ਹਾਜ਼ਰ ਸਨ |