ਬਾਘਾ ਪੁਰਾਣਾ, 11 ਮਈ (ਟਿੰਕੂ ਕਾਠਪਾਲ)-ਬਾਘਾ ਪੁਰਾਣਾ ਵਿਖੇ ਐਡਵੋਕੇਟ ਅਮਿਤ ਅਗਰਵਾਲ ਨੂੰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਆਰਟੀ ਆਈ ਸੈੱਲ ਦਾ ਕੋ-ਕਨਵੀਨਰ ਨਿਯੁਕਤ ਕੀਤੇ ਜਾਣ 'ਤੇ ਖ਼ੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ | ਇਸ ਮੌਕੇ ਮੋਗਾ ਸ਼ਹਿਰ ਦੇ ਪ੍ਰਮੁੱਖ ਵਪਾਰੀਆਂ ਅਤੇ ਸਮਾਜ ਸੇਵੀਆਂ ਵਲੋਂ ਵਿਸ਼ੇਸ਼ ਤੌਰ 'ਤੇ ਬਾਘਾ ਪੁਰਾਣਾ ਪਹੁੰਚ ਕੇ ਅਮਿਤ ਅਗਰਵਾਲ ਦਾ ਬੁੱਕੇ ਅਤੇ ਲੋਈ ਨਾਲ਼ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਗਈ | ਇਸ ਮੌਕੇ ਪ੍ਰਵੀਨ ਕੁਮਾਰ ਚੇਅਰਮੈਨ ਆਈ.ਐਸ.ਐਫ. ਕਾਲਜ ਮੋਗਾ, ਰਿਸ਼ੂ ਅਗਰਵਾਲ ਪ੍ਰਧਾਨ ਯੂਥ ਅਗਰਵਾਲ ਸਭਾ ਮੋਗਾ ਅਤੇ ਅਵਤਾਰ ਸਰਪ੍ਰਸਤ ਸਾਲਾਸਰ ਬਾਲਾ ਜੀ ਧਾਮ ਮੋਗਾ ਦੀ ਅਗਵਾਈ ਹੇਠ ਇਕ ਡੈਲੀਗੇਸ਼ਨ ਬਾਘਾ ਪੁਰਾਣਾ ਪਹੁੰਚਿਆ | ਉਨ੍ਹਾਂ ਨਾਲ ਅਮਿਤ ਮਿੱਤਲ, ਰਜਨੀਸ਼ ਸਿੰਗਲਾ, ਰਜਤ ਬਾਂਸਲ (ਪੰਕਜ ਮੋਟਰਜ਼), ਪਿ੍ੰਸ ਕੁਮਾਰ, ਅਸ਼ਿਮ ਸਿੰਗਲਾ, ਚੰਨਾ ਕੁਮਾਰ, ਸਿਮਰ ਕੁਮਾਰ ਅਤੇ ਦੀਪਕ ਰਾਵਲ ਸਮੇਤ ਹੋਰ ਕਈ ਪ੍ਰਮੁੱਖ ਹਸਤੀਆਂ ਵੀ ਮੌਜੂਦ ਸਨ | ਡੈਲੀਗੇਸ਼ਨ ਵਲੋਂ ਐਡਵੋਕੇਟ ਅਮਿਤ ਅਗਰਵਾਲ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਵਕਤਾਵਾਂ ਨੇ ਕਿਹਾ ਕਿ ਅਮਿਤ ਅਗਰਵਾਲ ਦੀ ਇਹ ਨਿਯੁਕਤੀ ਨਾ ਸਿਰਫ਼ ਬਾਘਾ ਪੁਰਾਣਾ, ਸਗੋਂ ਪੂਰੇ ਮੋਗਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਦੀ ਮਿਹਨਤ, ਇਮਾਨਦਾਰੀ ਅਤੇ ਸਮਾਜ ਸੇਵਾ ਪ੍ਰਤੀ ਵਚਨਬੱਧਤਾ ਦੇ ਚੱਲਦਿਆਂ ਪਾਰਟੀ ਵਲੋਂ ਉਨ੍ਹਾਂ ਨੂੰ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸ ਮੌਕੇ ਐਡਵੋਕੇਟ ਅਮਿਤ ਅਗਰਵਾਲ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਕਿ ਆਰਟੀ ਆਈ ਸੈੱਲ ਦੇ ਜ਼ਰੀਏ ਲੋਕਾਂ ਨੂੰ ਜਾਣਕਾਰੀ ਦਾ ਅਧਿਕਾਰ ਪ੍ਰਦਾਨ ਕਰਨਾ ਅਤੇ ਪਾਰਦਰਸ਼ਤਾ ਨੂੰ ਮਜ਼ਬੂਤ ਕਰਨਾ ਉਨ੍ਹਾਂ ਦੀ ਪਹਿਲ ਹੋਵੇਗੀ | ਸਮਾਗਮ ਦੌਰਾਨ ਹਾਜ਼ਰ ਹਸਤੀਆਂ ਨੇ ਉਮੀਦ ਜਤਾਈ ਕਿ ਅਮਿਤ ਅਗਰਵਾਲ ਭਵਿੱਖ ਵਿਚ ਵੀ ਇਸੇ ਤਰ੍ਹਾਂ ਇਲਾਕੇ ਅਤੇ ਸਮਾਜ ਦੀ ਸੇਵਾ ਕਰਦੇ ਰਹਿਣਗੇ ਅਤੇ ਨੌਜਵਾਨਾਂ ਲਈ ਪੇ੍ਰਰਨਾ ਸਰੋਤ ਬਣਨਗੇ | ਇਹ ਸਨਮਾਨ ਸਮਾਰੋਹ ਖ਼ੁਸ਼ੀ ਅਤੇ ਉਤਸ਼ਾਹ ਦੇ ਮਾਹੌਲ ਵਿਚ ਸੰਪੰਨ ਹੋਇਆ |