ਬੱਧਨੀ ਕਲਾਂ, 17 ਮਈ (ਸੰਜੀਵ ਕੋਛੜ)-ਕਮਿਊਨਿਟੀ ਹੈਲਥ ਸੈਂਟਰ ਬੱਧਨੀ ਕਲਾਂ ਵਿਖੇ ਵਿਸ਼ਵ ਹਾਈਪਰ ਟੈਨਸ਼ਨ ਕੰਟਰੋਲ ਡੇਅ ਸੀਨੀਅਰ ਮੈਡੀਕਲ ਅਫ਼ਸਰ ਮੈਡਮ ਮੰਜੂ ਨਾਹਰ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ | ਮੈਡੀਕਲ ਅਫ਼ਸਰ ਡਾ ਸ਼ੁੱਭ ਕਰਮਨ ਨੇ ਇਸ ਸਾਲ ਦੀ ਥੀਮ ਆਓ ਰਲ ਮਿਲ ਕੇ ਸਾਰੇ ਉੱਚ ਰਕਤ ਚਾਪ ਨੂੰ ਕਾਬੂ ਕਰੀਏ ਦੇ ਬਾਰੇ ਵਿਚ ਦੱਸਿਆ | ਉਨ੍ਹਾਂ ਕਿਹਾ ਕਿ ਬਦਲੀ ਹੋਈ ਜੀਵਨ ਸ਼ੈਲੀ ਸਦਕਾ ਇਹ ਬਿਮਾਰੀ ਬਹੁਤ ਤੇਜੀ ਨਾਲ ਵਧ ਰਹੀ ਹੈ | ਇਸ ਬਾਰੇ ਬਹੁਤੇ ਮਰੀਜ਼ਾਂ ਨੂੰ ਪਤਾ ਵੀ ਨਹੀਂ ਲੱਗਦਾ | ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਬਹੁਤ ਹੀ ਖ਼ਤਰਨਾਕ ਹੈ ਅਤੇ ਇਸ ਨੂੰ ਸਾਈਲੈਂਟ ਕਿੱਲਰ ਵੀ ਕਿਹਾ ਜਾਂਦਾ ਹੈ | ਇਸ ਮੌਕੇ ਸੀਨੀਅਰ ਸਟਾਫ਼ ਨਰਸ ਨਵਪ੍ਰੀਤ ਕੌਰ ਮਾਨ ਨੇ ਕਿਹਾ ਕਿ ਸਾਨੂੰ ਬਲੱਡ ਪ੍ਰੈਸ਼ਰ ਦੀ ਜਾਂਚ ਲਗਾਤਾਰ ਕਰਵਾਉਂਦੇ ਰਹਿਣਾ ਚਾਹੀਦਾ ਹੈ | ਜੇਕਰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਵੇ ਤਾਂ ਮਾਹਿਰ ਡਾਕਟਰ ਦੀ ਸਲਾਹ ਨਾਲ ਲੋੜ ਅਨੁਸਾਰ ਦਵਾਈ ਲੈਣੀ ਚਾਹੀਦੀ ਹੈ | ਉਨ੍ਹਾਂ ਨੇ ਹਾਜ਼ਰੀਨ ਨੂੰ ਲਗਾਤਾਰ ਚੈੱਕ ਅਪ ਕਰਵਾਉਂਦੇ ਰਹਿਣ, ਰੋਜ਼ਾਨਾ ਕਸਰਤ ਕਰਨ, ਲੂਣ ਦੀ ਵਰਤੋਂ ਘੱਟ ਕਰਨ ਅਤੇ ਪੌਸ਼ਟਿਕ ਖ਼ੁਰਾਕ ਖਾਣ ਦੀ ਸਲਾਹ ਦਿੱਤੀ | ਸੀਨੀਅਰ ਸਟਾਫ਼ ਨਰਸ ਪਰਮਜੀਤ ਕੌਰ ਮੋਗਾ ਨੇ ਮਰੀਜ਼ਾਂ ਦਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਅਤੇ ਲੋੜੀਂਦੀ ਸਲਾਹ ਕੀਤੀ | ਗੁਰਪ੍ਰੀਤ ਸਿੰਘ ਖ਼ਾਲਸਾ ਕੁੱਸਾ ਓ.ਟੀ. ਅਸਿਸਟੈਂਟ ਨੇ ਕਿਹਾ ਕਿ ਹਾਈਪਰ ਟੈਨਸ਼ਨ ਬਾਰੇ ਜਾਗਰੂਕਤਾ ਫੈਲਾਉਣੀ ਸਮੇਂ ਦੀ ਲੋੜ ਹੈ | ਉਨ੍ਹਾਂ ਨੇ ਇਸ ਬਿਮਾਰੀ ਬਾਰੇ ਹਾਜ਼ਰੀਨ ਨੂੰ ਭਰਵੀਂ ਜਾਣਕਾਰੀ ਦਿੱਤੀ | ਉਨ੍ਹਾਂ ਨਸੀਹਤ ਦਿੱਤੀ ਕਿ ਹਾਈਪਰ ਟੈਨਸ਼ਨ ਨੂੰ ਜੇਕਰ ਕੰਟਰੋਲ ਨਾ ਕੀਤਾ ਜਾਵੇ ਤਾਂ ਦਿਲ ਦੀਆਂ ਬਿਮਾਰੀਆਂ, ਸਟ੍ਰੋਕ ਅਤੇ ਗੁਰਦਿਆਂ ਦੇ ਰੋਗ ਵੀ ਹੋਣੇ ਸੰਭਵ ਹਨ |