ਮੋਗਾ, 19 ਮਈ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਸੂਬਾ ਆਗੂ ਮੰਦਰਜੀਤ ਸਿੰਘ ਮਨਾਵਾਂ, ਸੂਬਾ ਆਗੂ ਹਰਨੇਕ ਸਿੰਘ ਫਤਿਹਗੜ੍ਹ, ਜ਼ਿਲ੍ਹਾ ਮੀਤ ਪ੍ਰਧਾਨ ਮੋਦਨ ਸਿੰਘ ਨਿਧਾਂਵਾਲਾ, ਮੀਤ ਪ੍ਰਧਾਨ ਲਖਵਿੰਦਰ ਸਿੰਘ ਰੌਲੀ, ਬਲਾਕ ਜਰਨਲ ਸਕੱਤਰ ਬੰਤ ਸਿੰਘ ਨਿਧਾਂਵਾਲਾ, ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਨੈਸ਼ਨਲ ਲੈਬ ਵਾਲਿਆਂ ਨੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਦੇਸ਼ ਦਾ ਕਿਸਾਨ ਅਤੇ ਆਮ ਲੋਕ ਪਹਿਲਾਂ ਤੋਂ ਹੀ ਮਹਿੰਗਾਈ ਦੇ ਨਾਲ ਜੂਝ ਰਹੇ ਹਨ ਉੱਪਰੋਂ ਸਰਕਾਰ ਨੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨਿਕਲਣ ਤੋਂ ਬਾਅਦ ਆਪਣਾ ਰਵੱਈਆ ਬਦਲ ਲਿਆ ਹੈ | ਡੀਜ਼ਲ ਪੈਟਰੋਲ ਕੰਪਨੀਆਂ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧਾ ਰਹੀਆਂ ਹਨ | ਬੀਤੇ ਕੱਲ੍ਹ ਤੇ ਅੱਜ ਦੋ ਦਿਨ ਵਿਚ ਹੀ ਪੈਟਰੋਲੀਅਮ ਕੰਪਨੀਆਂ ਨੇ ਡੀਜ਼ਲ ਤੇ ਪੈਟਰੋਲ ਦੇ ਭਾਅ ਅਸਮਾਨ ਛੂਹਣ ਲਾ ਦਿੱਤੇ ਹਨ ਜੋ ਕਿ ਲੋਕਾਂ ਨਾਲ ਬੇਇਨਸਾਫੀ ਹੈ ਕਿਉਂਕਿ ਜਦੋਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਸਨ ਤਾਂ ਸਰਕਾਰ ਨੇ ਤੇਲ ਕੰਪਨੀਆਂ 'ਤੇ ਕੰਟਰੋਲ ਰੱਖਿਆ ਪਰ ਹੁਣ ਤੇਲ ਕੰਪਨੀਆਂ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧਾ ਕੇ ਆਮ ਲੋਕਾਂ ਤੇ ਕਿਸਾਨਾਂ ਦਾ ਲੱਕ ਤੋੜ ਰਹੀਆਂ ਹਨ ਕਿਉਂਕਿ ਕਿਸਾਨੀ ਤਾਂ ਪਹਿਲਾਂ ਤੋਂ ਹੀ ਮਹਿੰਗੀਆਂ ਰੇਹਾਂ, ਸਪਰੇਹਾਂ ਦੀਆਂ ਕੀਮਤਾਂ ਨਾਲ ਲਤਾੜੀ ਪਈ ਹੈ | ਹੁਣ ਪੰਜਾਬ ਦੇ ਕਿਸਾਨ ਦਾ ਝੋਨੇ ਦੀ ਬਿਜਾਈ ਦਾ ਸੀਜ਼ਨ ਚੱਲ ਰਿਹਾ ਹੈ ਜਿਸ ਦੌਰਾਨ ਡੀਜ਼ਲ ਦੀ ਖਪਤ ਬਹੁਤ ਜ਼ਿਆਦਾ ਹੋਣ ਕਰਕੇ ਕਿਸਾਨ 'ਤੇ ਕੀਮਤਾਂ ਦਾ ਵੱਡਾ ਬੋਝ ਪਵੇਗਾ | ਆਗੂਆਂ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਜੋ ਫਸਲ ਦਾ ਭਾਅ ਤੈਅ ਕੀਤਾ ਹੈ, ਉਸ ਵਿਚ ਉਨ੍ਹਾਂ ਵਾਧਾ ਨਹੀਂ ਕੀਤਾ, ਜਿਹੜਾ ਕਿਸਾਨ ਨੂੰ ਆਰਥਿਕ ਪੱਖੋਂ ਮਜ਼ਬੂਤ ਕਰ ਦਿੰਦਾ ਪਰ ਹੁਣ ਸਰਕਾਰ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧਾ ਕੇ ਕਿਸਾਨ ਦੇ ਉੱਪਰ ਵੱਡਾ ਬੋਝ ਪਾ ਰਹੀ ਹੈ | ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿਚ ਕੀਤਾ ਹੋਇਆ ਵਾਧਾ ਵਾਪਸ ਲਿਆ ਜਾਵੇ |