ਮੋਗਾ, 5 ਜੂਨ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਜਨਰਲ ਸੈਕਟਰੀ ਪਰਮਜੀਤ ਕੌਰ, ਪੈ੍ਰਜ਼ੀਡੈਂਟ ਕੁਲਦੀਪ ਸਿੰਘ ਸਹਿਗਲ, ਹਰਪ੍ਰੀਤ ਕੌਰ (ਅਕਾਦਮਿਕ ਸਲਾਹਕਾਰ) ਪਿ੍ੰਸੀਪਲ ਸਤਵਿੰਦਰ ਕੌਰ ਅਤੇ ਵਾਈਸ ਪਿ੍ੰਸੀਪਲ ਅਮਨਦੀਪ ਗਿਰਧਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਦਿਆਰਥੀਆਂ ਨੂੰ ਗਰਮੀ ਦੀਆਂ ਛੁੱਟੀਆਂ ਦੌਰਾਨ ਵਾਤਾਵਰਨ ਸਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ ਜਿਸ ਦੇ ਤਹਿਤ ਘਰ ਬੈਠੇ ਹੀ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ | ਤੀਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ 'ਮਾਈ ਗਰੀਨ ਸਕੂਲ' ਵਿਸ਼ੇ ਤਹਿਤ ਵੱਖ-ਵੱਖ ਪੋਸਟਰ ਬਣਾਏ | ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਪੋਸਟਰ ਵਿਚ 'ਜਲ ਸੰਕਟ' ਨੂੰ ਦਰਸਾਇਆ | ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਪਲਾਸਟਿਕ ਦੇ ਪ੍ਰਦੂਸ਼ਣ ਨੂੰ ਹਰਾਉਣ ਸਬੰਧੀ ਵਿਸ਼ੇ ਨੂੰ ਆਪਣੇ ਪੋਸਟਰ ਵਿਚ ਪੇਸ਼ ਕੀਤਾ | ਇਸ ਤੋਂ ਬਿਨ੍ਹਾਂ ਤੀਸਰੀ ਤੋਂ ਪੰਜਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੇ ਆਪਣੇ ਘਰ ਦੇ ਆਲ਼ੇ-ਦੁਆਲੇ ਅਤੇ ਜਨਤਕ ਥਾਵਾਂ ਤੇ ਬੂਟੇ ਲਗਾ ਕੇ ਵਾਤਾਵਰਨ ਦਿਵਸ ਵਿਚ ਭਾਗ ਲਿਆ | ਸਕੂਲ ਦੇ ਪਿ੍ੰਸੀਪਲ ਸਤਵਿੰਦਰ ਕੌਰ ਨੇ ਦੱਸਿਆ ਕਿ ਹਰ ਸਾਲ ਵਿਦਿਆਰਥੀਆਂ ਨੂੰ ਛੁੱਟੀਆਂ ਵਿਚ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਕੰਮ ਦਿੱਤਾ ਜਾਂਦਾ ਹੈ ਕਿਉਂਕਿ ਅੱਜ ਪੰਜਾਬ ਦੀ ਧਰਤੀ ਨੂੰ ਮਾਰੂਥਲ ਬਣਨ ਤੋਂ ਬਚਾਉਣ ਲਈ ਬਹੁਤ ਸਾਰੇ ਰੁੱਖਾਂ ਤੇ ਬੂਟਿਆਂ ਦੀ ਲੋੜ ਹੈ | ਧਰਤੀ ਨੂੰ ਪ੍ਰਦੂਸ਼ਣ ਤੇ ਪਲਾਸਟਿਕ ਮੁਕਤ ਕਰਨ ਲਈ ਸਾਨੂੰ ਸਭ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਹੋਣਗੇ ਤੇ ਪਲਾਸਟਿਕ ਦੀ ਵਰਤੋਂ ਬੰਦ ਕਰਨੀ ਹੋਵੇਗੀ |