ਕੋਟ ਈਸੇ ਖਾਂ, 7 ਜੂਨ (ਗੁਰਮੀਤ ਸਿੰਘ ਖ਼ਾਲਸਾ)-ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋੜਵੰਦਾਂ ਲਈ ਚਲਾਈਆਂ ਜਾ ਰਹੀਆਂ ਭਲਾਈ ਯੋਜਨਾਵਾਂ ਬੇਹੱਦ ਫ਼ਾਇਦੇਮੰਦ ਸਾਬਤ ਹੋ ਰਹੀਆਂ ਹਨ ਤੇ ਯੋਜਨਾਬੱਧ ਤਰੀਕੇ ਨਾਲ ਹੇਠਲੇ ਪੱਧਰ ਤੱਕ ਆਮ ਲੋਕਾਂ ਨੂੰ ਪੂਰਨ ਫ਼ਾਇਦਾ ਮਿਲ ਰਿਹਾ ਹੈ | ਇਹ ਪ੍ਰਗਟਾਵਾ ਪਿੰਡ ਭਾਗਪੁਰ ਗਗੜਾ ਦੇ ਸਰਪੰਚ ਬਲਵੀਰ ਸਿੰਘ ਬੱਲੀ ਨੇ ਪਿੰਡ ਦੇ ਡੀਪੂ ਰਾਹੀਂ ਨੀਲੇ ਕਾਰਡ ਧਾਰਕਾਂ ਲਈ ਪੰਜਾਬ ਸਰਕਾਰ ਤਰਫ਼ੋਂ ਆਈਆਂ ਰਾਸ਼ਨ ਦੀਆਂ ਕਿੱਟਾਂ ਦੀ ਵੰਡ ਦੀ ਸ਼ੁਰੂਆਤ ਕਰਵਾਉਣ ਸਮੇਂ ਕਰਦਿਆਂ ਕਿਹਾ ਕਿ ਨੀਲੇ ਕਾਰਡ ਧਾਰਕਾਂ ਲਈ ਕਣਕ ਚਾਹੇ ਉਹ ਕੇਂਦਰ ਦੀ ਯੋਜਨਾ ਹੋਵੇ ਜਾਂ ਪੰਜਾਬ ਸਰਕਾਰ ਦੀ ਉਸ ਨੂੰ ਸਹੀ ਢੰਗ ਨਾਲ ਹੇਠਲੇ ਪੱਧਰ ਤੱਕ ਸਰਕਾਰ ਵਲੋਂ ਪਹੁੰਚਾਇਆ ਜਾ ਰਿਹਾ ਹੈ ਤੇ ਹੁਣ ਮਾਨ ਸਰਕਾਰ ਨੇ ਆਪਣੇ ਕੀਤੇ ਵਾਅਦੇ ਮੁਤਾਬਿਕ ਰਾਸ਼ਨ ਦੀਆਂ ਕਿੱਟਾਂ ਵੀ ਪਾਰਦਰਸ਼ੀ ਢੰਗ ਨਾਲ ਲੋੜਵੰਦਾਂ ਤੱਕ ਪਹੁੰਚਦੀਆਂ ਕਰ ਦਿੱਤੀਆਂ ਹਨ, ਜਿਸ ਤੋਂ ਗਰੀਬ ਤਬਕੇ ਦੇ ਲੋਕਾਂ ਦੀ ਰਸੋਈ ਦਾ ਖਰਚਾ ਘਟ ਜਾਵੇਗਾ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਵਿਚ ਹਲਕੇ ਦੇ ਹਰ ਪਿੰਡ ਵਿਚ ਸਰਬ ਪੱਖੀ ਵਿਕਾਸ ਤੋਂ ਲੈ ਕੇ ਭਲਾਈ ਯੋਜਨਾਵਾਂ ਤੱਕ ਪੂਰੇ ਪਾਰਦਰਸ਼ੀ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਬਦਲ ਰਹੀ ਚੰਗੀ ਨੁਹਾਰ ਸਦਕਾ ਹਲਕਾ ਧਰਮਕੋਟ ਪੂਰਨ ਖ਼ੁਸ਼ਹਾਲੀ ਦੀਆਂ ਰਾਹਾਂ 'ਤੇ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਪਿੰਡ ਦੇ ਮੈਂਬਰ ਪੰਚਾਇਤ, ਡੀਪੂ ਹੋਲਡਰ ਤੇ ਮੁਹਤਬਰ ਆਗੂ ਵੀ ਹਾਜ਼ਰ ਸਨ |