30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਮੋਗਾ ਨੂੰ ਮਿਲਿਆ ਨਵਾਂ ਮੇਅਰ, ਬੀ.ਸੀ. ਵਿੰਗ ਨਾਲ ਸੰਬੰਧਿਤ ਵਿਨੇਪਾਲ ਕੌਰ ਸਿਰ ਸਜਿਆ ਮੇਅਰ ਦਾ ਤਾਜ਼

ਅਜੀਤ ਡੈਸਕ 12-06-2026
ਮੋਗਾ, 11 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ, ਅਸ਼ੋਕ ਬਾਂਸਲ)-26 ਮਈ ਨੂੰ ਹੋਈਆਂ ਨਗਰ ਨਿਗਮ ਦੀਆਂ 50 ਵਾਰਡਾਂ ਦੀਆਂ ਚੋਣਾਂ ਵਿਚ ਸੱਤਾਧਾਰੀ ਆਪ ਪਾਰਟੀ ਦੇ 30 ਕੌਂਸਲਰ ਚੋਣ ਜਿੱਤੇ ਸਨ ਜਦ ਕਿ 7 ਕਾਂਗਰਸ, 3 ਸ਼੍ਰੋਮਣੀ ਅਕਾਲੀ, 3 ਭਾਜਪਾ ਤੇ 7 ਆਜ਼ਾਦ ਉਮੀਦਵਾਰਾਂ ਨੇ ਚੋਣ ਜਿੱਤੀ ਸੀ ਤੇ ਸੱਤਾਧਾਰੀ ਸਰਕਾਰ ਨੂੰ ਆਪਣਾ ਮੇਅਰ ਚੁਣਨ ਲਈ ਸਪਸ਼ਟ ਬਹੁਮਤ ਪ੍ਰਾਪਤ ਹੋ ਗਿਆ ਸੀ ਤੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਗਰ ਨਿਗਮ ਮੋਗਾ ਦੇ ਮੇਅਰ ਦੀ ਚੋਣ ਡਵੀਜ਼ਨਲ ਕਮਿਸ਼ਨਰ ਫ਼ਿਰੋਜ਼ਪੁਰ ਮੈਡਮ ਬਬੀਤਾ ਆਈ.ਏ.ਐਸ., ਨਗਰ ਨਿਗਮ ਮੋਗਾ ਦੇ ਕਮਿਸ਼ਨਰ ਗੁਰਵਿੰਦਰ ਸਿੰਘ ਜੌਹਲ, ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਤੇ ਹਲਕਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਵਿਚ ਕੀਤੀ ਗਈ | ਇਸ ਤੋਂ ਪਹਿਲਾਂ ਸ਼ਹਿਰ ਦੇ 50 ਕੌਂਸਲਰਾਂ ਦਾ ਸਹੁੰ ਚੁੱਕ ਸਮਾਗਮ ਹੋਇਆ ਤੇ ਉਸ ਤੋਂ ਬਾਅਦ ਮੇਅਰ ਦੀ ਚੋਣ ਕੀਤੀ ਗਈ | ਮੇਅਰ ਦੀ ਚੋਣ ਲਈ ਕੌਂਸਲਰ ਸੰਜੇ ਸ਼ਰਮਾ ਵਾਰਡ ਨੰਬਰ 39 ਨੇ ਵਿਨੇਪਾਲ ਕੌਰ ਦਾ ਨਾਂਅ ਪੇਸ਼ ਕੀਤਾ ਜਿਸ ਦੀ ਪੁਸ਼ਟੀ ਕੌਂਸਲਰ ਜਗਸੀਰ ਹੁੰਦਲ ਵਾਰਡ ਨੰਬਰ 33 ਵਲੋਂ ਕੀਤੀ ਗਈ | ਉਪਰੰਤ ਮੈਡਮ ਬਬੀਤਾ ਨੇ ਹਾਊਸ ਤੋਂ ਮੇਅਰ ਦੀ ਚੋਣ ਲਈ ਕੋਈ ਹੋਰ ਨਾਂਅ ਪੇਸ਼ ਕਰਨ ਲਈ ਕਿਹਾ | ਜਦੋਂ ਮੇਅਰ ਦੀ ਚੋਣ ਲਈ ਕਿਸੇ ਨੇ ਵੀ ਆਪਣਾ ਨਾਂਅ ਪੇਸ਼ ਨਾ ਕੀਤਾ ਤਾਂ ਮੈਡਮ ਬਬੀਤਾ ਨੇ ਕੌਂਸਲਰਾਂ ਤੋਂ ਸੱਜਾ ਹੱਥ ਖੜ੍ਹਾ ਕਰਵਾ ਕੇ ਮੇਅਰ ਦੀ ਚੋਣ ਕਰਵਾਈ ਜਿਸ ਵਿਚ 42 ਕੌਂਸਲਰਾਂ ਨੇ ਉਨ੍ਹਾਂ ਦੇ ਹੱਕ ਵਿਚ ਫ਼ਤਵਾ ਦਿੱਤਾ ਤੇ ਉਸ ਨੂੰ ਸਰਬਸੰਮਤੀ ਨਾਲ ਮੇਅਰ ਚੁਣ ਲਿਆ ਗਿਆ | ਇਸ ਮੌਕੇ ਕਾਂਗਰਸ ਪਾਰਟੀ ਦੇ ਕੌਂਸਲਰ ਮਨਜੀਤ ਸਿੰਘ ਮਾਨ ਨੇ ਡਵੀਜ਼ਨਲ ਕਮਿਸ਼ਨਰ ਮੈਡਮ ਬਬੀਤਾ ਨੂੰ ਸਵਾਲ ਕੀਤਾ ਕਿ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਅੱਜ ਕਿਉਂ ਨਹੀਂ ਕਰਵਾਈ ਜਾ ਰਹੀ ਤਾਂ ਉਨ੍ਹਾਂ ਕਿਹਾ ਕਿ ਉਸ ਨੂੰ ਬਾਅਦ 'ਚ ਦੇਖ ਲਵਾਂਗੇ | ਇੱਥੇ ਜ਼ਿਕਰਯੋਗ ਹੈ ਕਿ ਸੱਤਾਧਾਰੀ ਪਾਰਟੀ ਕੋਲ 32 ਕੌਂਸਲਰ ਆਪਣੇ ਸਨ ਜਦ ਕਿ ਸ਼੍ਰੋਮਣੀ ਅਕਾਲੀ ਦਲ ਦੇ 3, ਭਾਜਪਾ ਦੇ 3 ਕੌਂਸਲਰਾਂ, ਇਕ ਕਾਂਗਰਸੀ ਕੌਂਸਲਰ ਅਤੇ 3 ਆਜ਼ਾਦ ਕੌਂਸਲਰਾਂ ਨੇ ਵੀ ਆਪਣਾ ਸਮਰਥਨ ਸੱਤਾਧਾਰੀ ਪਾਰਟੀ ਨੂੰ ਦਿੱਤਾ ਜਦ ਕਿ ਕਾਂਗਰਸ ਦੇ 6 ਕੌਂਸਲਰਾਂ ਤੇ ਦੋ ਆਜ਼ਾਦ ਕੌਂਸਲਰਾਂ ਨੇ ਮੇਅਰ ਦੀ ਇਸ ਚੋਣ ਤੋਂ ਪਾਸਾ ਵੱਟਿਆ | ਇਸ ਸਬੰਧੀ ਜਦੋਂ ਅਕਾਲੀ ਦਲ ਦੇ ਕੌਂਸਲਰ ਗਵਰਧਨ ਪੋਪਲੀ ਤੇ ਮਨਜੀਤ ਸਿੰਘ ਧੰਮੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਹੋਰ ਕੋਈ ਵਿਕਲਪ ਨਹੀਂ ਸੀ ਤੇ ਅਸੀਂ ਆਪਣੇ ਵਾਰਡ ਵਾਸੀਆਂ ਦੇ ਹਿਤ ਲਈ ਅਜਿਹਾ ਕੀਤਾ ਹੈ | ਇਸੇ ਤਰ੍ਹਾਂ ਜਦੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਪੂਰਾ ਪਤਾ ਨਹੀਂ ਪਰ ਮੈਂ ਫਿਰ ਵੀ ਆਪਣੇ ਕੌਂਸਲਰਾਂ ਤੋਂ ਇਸ ਦਾ ਸਪਸ਼ਟੀਕਰਨ ਲੈ ਰਿਹਾ ਹਾਂ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਆਪ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਦਾ ਨਤੀਜਾ ਹੈ ਕਿ ਅੱਜ ਆਮ ਘਰਾਂ ਦੇ ਧੀਆਂ ਪੁੱਤ ਮੇਅਰ ਤੇ ਚੇਅਰਮੈਨਾਂ ਸਮੇਤ ਉੱਚ ਅਹੁਦਿਆਂ 'ਤੇ ਬਿਰਾਜਮਾਨ ਹਨ ਜਿਸ ਦੇ ਨਤੀਜੇ ਵਜੋਂ ਕੁਝ ਉੱਚਕੋਟੀ ਦੇ ਰਾਜਸੀ ਪਰਿਵਾਰਾਂ ਦੀ ਰਾਜਭਾਗ ਉੱਪਰ ਇਜਾਰੇਦਾਰੀ ਖ਼ਤਮ ਹੋ ਗਈ ਹੈ | ਉਨ੍ਹਾਂ ਕਿਹਾ ਕਿ ਆਪ ਪਾਰਟੀ ਨੇ ਹਮੇਸ਼ਾ ਸਚਾਈ ਦੀ ਰਾਜਨੀਤੀ ਕੀਤੀ ਹੈ ਤੇ ਇਹੋ ਕਾਰਨ ਹੈ ਕਿ ਸ਼ਹਿਰ ਵਾਸੀਆਂ ਨੇ ਆਪ ਪਾਰਟੀ ਦੇ ਹੱਕ ਵਿਚ ਵੱਡਾ ਫ਼ਤਵਾ ਦਿੱਤਾ ਹੈ ਤੇ ਅੱਜ ਵਿਨੇਪਾਲ ਕੌਰ ਮੋਗਾ ਨਗਰ ਨਿਗਮ ਦੀ ਦੂਸਰੀ ਮਹਿਲਾ ਮੇਅਰ ਬਣੀ ਹੈ | ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਨਵੀਂ ਚੁਣੀ ਗਈ ਮੇਅਰ ਵਿਨੇਪਾਲ ਕੌਰ ਨੂੰ ਵਧਾਈ ਦਿੰਦਿਆਂ ਕੌਂਸਲਰਾਂ ਤੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਵਿਨੇਪਾਲ ਕੌਰ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉੱਤਰਨ ਲਈ ਪੂਰੀ ਇਮਾਨਦਾਰੀ ਤੇ ਸਮਰਪਣ ਭਾਵਨਾ ਨਾਲ ਕੰਮ ਕਰਨਗੇ ਤੇ ਮੋਗਾ ਨੂੰ ਇਕ ਸਾਫ਼-ਸੁਥਰਾ, ਸੁੰਦਰ ਤੇ ਵਿਕਸਿਤ ਸ਼ਹਿਰ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਜ਼ਿਲ੍ਹਾ ਪ੍ਰਧਾਨ ਬਰਿੰਦਰ ਕੁਮਾਰ ਮਧੇਕੇ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਮਿੱਤਲ ਤੋਂ ਇਲਾਵਾ ਆਪ ਪਾਰਟੀ ਦੇ ਆਗੂ, ਵਰਕਰ ਤੇ ਕੌਂਸਲਰ ਹਾਜ਼ਰ ਸਨ | ਜਿਉਂ ਹੀ ਉਹ ਚੋਣ ਜਿੱਤ ਕੇ ਬਾਹਰ ਆਏ ਤਾਂ ਆਪ ਪਾਰਟੀ ਦੇ ਵਰਕਰਾਂ ਤੇ ਆਗੂਆਂ ਵਿਚ ਵੱਡੀ ਖ਼ੁਸ਼ੀ ਸੀ ਤੇ ਉਨ੍ਹਾਂ ਨੇ ਢੋਲ ਦੇ ਡੱਗੇ 'ਤੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ | ਖੁੱਲ੍ਹੀ ਜੀਪ ਰਾਹੀਂ ਚੁਣੀ ਗਈ ਮੇਅਰ ਵਿਨੇਪਾਲ ਕੌਰ ਦੌਧਰੀਆ ਨੂੰ ਨਗਰ ਨਿਗਮ ਦੇ ਦਫ਼ਤਰ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੇ ਮੇਅਰ ਦਾ ਅਹੁਦਾ ਸੰਭਾਲ ਲਿਆ | ਇਸ ਮੌਕੇ ਮੇਅਰ ਵਿਨੇਪਾਲ ਕੌਰ ਦੌਧਰੀਆ ਨੇ ਕਿਹਾ ਕਿ ਉਹ ਬੇਹੱਦ ਰਿਣੀ ਹਨ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ, ਜਿਨ੍ਹਾਂ ਨੇ ਉਨ੍ਹਾਂ ਨੂੰ ਟਿਕਟ ਦੇ ਕੇ ਨਿਵਾਜਿਆ ਤੇ ਅੱਜ ਉਹ ਮੇਅਰ ਦੀ ਕੁਰਸੀ 'ਤੇ ਬਿਰਾਜਮਾਨ ਹਨ | ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਉੱਪਰ ਜ਼ਿੰਮੇਵਾਰੀ ਆਈ ਹੈ ਉਸ ਨੂੰ ਉਹ ਪੂਰੀ ਇਮਾਨਦਾਰੀ ਤੇ ਸਮਰਪਣ ਦੀ ਭਾਵਨਾ ਨਾਲ ਸ਼ਹਿਰ ਦੇ ਸਾਰੇ ਕੌਂਸਲਰਾਂ ਨੂੰ ਨਾਲ ਲੈ ਕੇ ਸ਼ਹਿਰ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਤੇ ਵਿਕਾਸ ਕਾਰਜਾਂ ਨੂੰ ਤੇਜ਼ ਕਰ ਕੇ ਮੋਗਾ ਸ਼ਹਿਰ ਵਾਸੀਆਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ |
ਪਿਛਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਚ ਬੀ.ਫਾਰਮ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਦਾ ਸਨਮਾਨ <br/> ਅਗਲੀ ਖ਼ਬਰ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦੀ ਸਿਹਤ ਡਾਇਰੈਕਟਰ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।