ਮੋਗਾ, 16 ਜੂਨ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਮਿਸ ਨੀਲਮ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਦੀ ਸਰਵਉੱਚ ਨਿਆਂਪਾਲਿਕਾ ‘ਸਾਂਝੇ ਨਿਆਂ’ ਅਤੇ ਨਿਆਂ ਨੂੰ ਲੋਕਾਂ ਦੇ ਬੂਹੇ ਤੱਕ ਪਹੁੰਚਾਉਣ ਦੇ ਮਕਸਦ ਨੂੰ ਪੂਰਾ ਕਰਨ ਲਈ, ਇਕ ਮੁਹਿੰਮ ਸਮਾਧਾਨ ਸਮਾਰੋਹ, 2026 ਅਧੀਨ ਭਾਰਤ ਦੀ ਮਾਨਯੋਗ ਸੁਪਰੀਮ ਕੋਰਟ ਵਿਖੇ ਵਿਸ਼ੇਸ਼ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਦੇਸ਼ ਭਰ ਵਿੱਚ ਵਿਚੋਲਗੀ ਰਾਹੀਂ ਫ਼ੈਸਲੇ ਅਤੇ ਝਗੜਿਆਂ ਦਾ ਨਿਪਟਾਰਾ ਕਰਵਾਇਆ ਜਾਣਾ ਹੈ। ਇਹ ਮੁਹਿੰਮ 21 ਅਪ੍ਰੈਲ 2026 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 21, 22 ਅਤੇ 23 ਅਗਸਤ 2026 ਨੂੰ ਲੱਗਣ ਵਾਲੀ ‘ਸਪੈਸ਼ਲ ਲੋਕ ਅਦਾਲਤ’ ਦੇ ਨਾਲ ਮੁਕੰਮਲ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਖ਼ਾਸ ਲੋਕ ਅਦਾਲਤ ਦਾ ਮਕਸਦ ਮਾਨਯੋਗ ਸੁਪਰੀਮ ਕੋਰਟ ਵਿਚ ਲੰਬੇ ਸਮੇਂ ਤੋ ਲੰਬਿਤ ਪਏ ਹੋਏ ਮਾਮਲਿਆਂ ਨੂੰ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਅਤੇ ਰਾਜ਼ੀਨਾਮੇ ਨਾਲ ਸੁਲਝਾਉਣਾ ਹੈ। ਉਨ੍ਹਾਂ ਸਾਰੇ ਵਕੀਲਾਂ, ਮੁਕੱਦਮੇਬਾਜ਼ਾਂ ਅਤੇ ਸਬੰਧਿਤ ਪੱਖਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਝਗੜਿਆਂ ਦੇ ਪੱਕੇ ਹੱਲ ਲਈ ਇਸ ਮੁਹਿੰਮ ਵਿਚ ਵਧ ਚੜ੍ਹ ਕੇ ਹਿੱਸਾ ਲੈਣ। ਉਨ੍ਹਾਂ ਦੱਸਿਆ ਕਿ ਧਿਰਾਂ ਆਪਣੇ ਫ਼ੈਸਲੇ ਲਈ ਖ਼ੁਦ ਅਦਾਲਤ ਵਿਚ ਪੇਸ਼ ਹੋ ਸਕਦੀਆਂ ਹਨ ਜਾਂ ਫਿਰ ਵਰਚੂਅਲ ਤੌਰ ਤੇ ਵੀਡੀ� ਕਾਨਫਰੰਂਸਿੰਗ ਰਾਹੀਂ ਆਨਲਾਈਨ ਵੀ ਜੁੜ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਪਾਰਟੀਆਂ ਅਤੇ ਉਨ੍ਹਾਂ ਦੇ ਵਕੀਲ ਗੂਗਲ ਫਾਰਮ ਲਿੰਕ ਤੋਂ ਫਾਰਮ ਨੂੰ ਭਰ ਕੇ ਆਪਣੀ ਅਰਜ਼ੀ ਦੇ ਸਕਦੇ ਹਨ। ਇਹ ਗੂਗਲ ਫਾਰਮ ਲਿੰਕ ਸੁਪਰੀਮ ਕੋਰਟ ਦੀ ਵੈੱਬਸਾਈਟ ‘ਤੇ ਵੀ ਮੌਜੂਦ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਨੇ ਫਾਰਮ ਭਰਨ ਦੀ ਆਖ਼ਰੀ ਤਰੀਕ ਵਧਾ ਕੇ 31 ਜੁਲਾਈ 2026 ਕਰ ਦਿੱਤੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਮਦਦ ਜਾਂ ਜਾਣਕਾਰੀ ਲਈ ਵਨ ਸਟਾਪ (ਵਾਰ ਰੂਮ) ਇੰਚਾਰਜ, ਸਮਾਧਾਨ ਸਮਾਰੋਹ (ਵਿਸ਼ੇਸ਼ ਲੋਕ ਅਦਾਲਤ), ਵਨ ਸਟਾਪ ਸੈਂਟਰ ਐਡੀਸ਼ਨਲ ਬਿਲਡਿੰਗ ਕੰਪਲੈਕਸ, ਭਾਰਤ ਦੀ ਸਰਵ ਉੱਚ ਨਿਆਂਪਾਲਿਕਾ, ਡਾਇਰੈਕਟਰ (ਸੀ.ਆਰ.ਪੀ) ਦਾ ਫ਼ੋਨ ਨੰਬਰ : 011-23115652 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸੁਪਰੀਮ ਕੋਰਟ ਨੇ ‘’ਸਮਾਧਾਨ ਸਮਾਰੋਹ’’ ਅਧੀਨ ਫਾਰਮ ਭਰਨ ਦੀ ਆਖ਼ਰੀ ਮਿਤੀ 31 ਜੁਲਾਈ ਤੱਕ ਵਧਾਈ-ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਅਰੋੜਾ
ਅਜੀਤ ਡੈਸਕ
17-06-2026