22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਹਲਕਾ ਬਾਘਾ ਪੁਰਾਣਾ ’ਚ ਕਾਂਗਰਸ ਪਾਰਟੀ ’ਚ ਉਮੀਦਵਾਰੀ ਦੇ ਕਈ ਦਾਅਵੇਦਾਰ

ਅਜੀਤ ਡੈਸਕ 06-07-2026
ਸਮਾਧ ਭਾਈ, 5 ਜੁਲਾਈ (ਜਗਰੂਪ ਸਿੰਘ ਸਰੋਆ)-ਅਨੇਕਾਂ ਅੰਦਰੂਨੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਕਾਂਗਰਸ ਪਾਰਟੀ ਹਲਕਾ ਬਾਘਾ ਪੁਰਾਣਾ ਤੋਂ ਹਾਲੇ ਤੱਕ ਮਜ਼ਬੂਤੀ ਪੇਸ਼ ਨਹੀਂ ਕਰ ਸਕੀ ਅਤੇ ਲਗਾਤਾਰ ਘਟਦੇ ਵੋਟ ਬੈਂਕ ਨਾਲ ਚਿੰਤਤ ਹੋਣ ਦੀ ਬਜਾਏ ਆਪਸ ਵਿਚ ਗੁਥਮ ਗੁੱਥਾ ਲੱਗ ਰਹੀ ਹੈ। ਦਰਸ਼ਨ ਸਿੰਘ ਬਰਾੜ-ਹਲਕਾ ਬਾਘਾ ਪੁਰਾਣਾ ਤੋਂ ਸਾਬਕਾ ਵਿਧਾਇਕ ਤੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਇਕ ਨਿਧੜਕ ਆਗੂ ਵਜੋਂ ਜਾਣੇ ਜਾਂਦੇ ਹਨ ਪਰ ਪਿਛਲੇ ਕਈ ਸਾਲਾਂ ਤੋਂ ਪਾਰਟੀ ਵਿਚਲੀਆਂ ਧੜੇਬੰਦੀਆਂ ਅਤੇ ਬਾਅਦ ਵਿਚ ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਨਾਲ ਧੜੇ ਦੀ ਲੋਕਪ੍ਰੀਅਤਾ ਵਿਚ ਕਮੀ ਨਾਲ ਜੂਝਦੇ ਨਜ਼ਰ ਆ ਰਹੇ ਹਨ ਜਿਸ ਨਾਲ ਪਿਛਲੀਆਂ ਚੋਣਾਂ ਦੌਰਾਨ ਪਾਰਟੀ ਦੇ ਵੋਟ ਬੈਂਕ ਨੂੰ ਭਾਰੀ ਢਾਹ ਲੱਗੀ ਹੈ। ਹੁਣ ਵੀ ਸੂਬੇ ਦੀ ਹਾਈਕਮਾਨ ‘ਚ ਧੜੇਬੰਦੀਆਂ ਤੇ ਖਿੱਚੋਤਾਣ ਦੇ ਦੌਰ ਦੌਰਾਨ ਬਰਾੜ ਗਰੁੱਪ ਵਲੋਂ ਵੀ ਵੱਖ-ਵੱਖ ਧੜਿਆਂ ਦੇ ਹੱਕ ‘ਚ ਖੜ੍ਹਨ ਨਾਲ ਦੂਸਰੇ ਧੜੇ ਦੀ ਨਾਰਾਜ਼ਗੀ ਵੀ ਸਿਖ਼ਰਾਂ ‘ਤੇ ਹੈ। ਜਦੋਂ ਕਿ 2027 ਦੀਆਂ ਚੋਣਾਂ ਲਈ ਦਰਸ਼ਨ ਸਿੰਘ ਬਰਾੜ ਦੀ ਦਾਅਵੇਦਾਰੀ ਕਾਇਮ ਹੈ, ਪਰ ਉਨ੍ਹਾਂ ਦੇ ਫ਼ਰਜ਼ੰਦ ਨੌਜਵਾਨ ਆਗੂ ਕਮਲਜੀਤ ਸਿੰਘ ਬਰਾੜ ਦੀਆਂ ਪਾਰਟੀ ਪ੍ਰਤੀ ਬਾਗ਼ੀ ਸੁਰਾਂ ਤੇ ਗਰਮ-ਖ਼ਿਆਲੀ ਧੜਿਆਂ ਦੀ ਪ੍ਰਸੰਸਾ ਬਰਾੜ ਧੜੇ ਦੇ ਮੈਦਾਨ ਵਿਚ ਆਉਣ ਲਈ ਅੜਿੱਕਾ ਬਣ ਸਕਦੀ ਹੈ। *ਭੋਲਾ ਸਿੰਘ ਬਰਾੜ-ਸਾਫ਼ ਸੁਥਰੀ ਛਵੀ ਵਜੋਂ ਜਾਣੇ ਜਾਂਦੇ ਮਿਹਨਤੀ ਆਗੂ ਭੋਲਾ ਸਿੰਘ ਬਰਾੜ ਲੰਮੇ ਸਮੇਂ ਤੋਂ ਸਿਰਤੋੜ ਯਤਨ ਕਰਕੇ ਪਾਰਟੀ ਦੇ ਉੱਚ ਅਹੁਦਿਆਂ ਦੀ ਆਸ ਲਾਈ ਬੈਠੇ ਸਨ ਪਰ ਹਲਕੇ ਅੰਦਰ ਦੀ ਧੜੇਬੰਦੀ ਨੇ ਉਨ੍ਹਾਂ ਨੂੰ ਪਹਿਲਾਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਣਨ ਤੋਂ ਰੋਕਿਆ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਵਲੋਂ ਬਹੁਤੀ ਤਵੱਜੋ ਨਾ ਦੇਣ ਕਾਰਨ ਬਾਗ਼ੀ ਹੋ ਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਚੋਣ ਲੜਨ ਦੀ ਵਜ੍ਹਾ ਕਰਕੇ ਪਾਰਟੀ ਸਫ਼ਾਂ ਵਿਚ ਬੈਕ ਫੁੱਟ ‘ਤੇ ਸਮਝੇ ਜਾ ਰਹੇ ਹਨ। ਹੁਣ ਦਰਸ਼ਨ ਸਿੰਘ ਬਰਾੜ ਦੀ ਸਿਹਤ ਠੀਕ ਨਾ ਹੋਣ ਕਰਕੇ ਹਲਕਾ ਕਾਂਗਰਸ ਦੀ ਕਮਾਨ ਸੰਭਾਲਣ ਲਈ ਹੋਰ ਯੋਗ ਨਹੀਂ ਦਿਸ ਰਿਹਾ ਤਾਂ ਅੜਿੱਕਿਆਂ ਦੇ ਬਾਵਜੂਦ ਉਮੀਦਵਾਰੀ ਲਈ ਸੰਘਰਸ਼ਸ਼ੀਲ ਤੇ ਆਸਵੰਦ ਹਨ।
ਜਗਸੀਰ ਸਿੰਘ ਕਾਲੇਕੇ-ਹਲਕਾ ਧੜੇਬੰਦੀ ਦੌਰਾਨ ਦਰਸ਼ਨ ਸਿੰਘ ਬਰਾੜ ਨਾਲ ਸੱਜੀ ਬਾਂਹ ਬਣ ਕੇ ਖੜੇ ਨੌਜਵਾਨ ਆਗੂ ਜਗਸੀਰ ਸਿੰਘ ਕਾਲੇਕੇ ਨੂੰ ਬਰਾੜ ਧੜੇ ਵਲੋਂ ਚੇਅਰਮੈਨ ਦਾ ਅਹੁਦਾ ਦੇ ਕੇ ਨਿਵਾਜਿਆ ਪਰ ਆਪਸੀ ਤਲਖ-ਕਲਾਮੀਆਂ ਕਰਕੇ ਧੜੇ ਤੋਂ ਵੱਖ ਹੋਏ ਜਗਸੀਰ ਸਿੰਘ ਕਾਲੇਕੇ ਨੇ ਸੂਬੇ ਦੀ ਹਾਈਕਮਾਨ ਨਾਲ ਸਿੱਧੇ ਸੰਪਰਕ ਬਣਾ ਕੇ ਆਪਣਾ ਜੋਰ ਜ਼ਰੂਰ ਦਿਖਾਇਆ ਪਰ ਹਲਕੇ ਅੰਦਰ ਢਿੱਲੀਆਂ ਢਿੱਲੀਆਂ ਕਾਰਵਾਈਆਂ ਦੇ ਬਾਵਜੂਦ ਹਲਕੇ ਤੋਂ ਕਾਂਗਰਸ ਲਈ ਆਪਣੇ ਆਪ ਨੂੰ ਪਰਪੱਕ ਉਮੀਦਵਾਰ ਸਮਝ ਰਹੇ ਹਨ। ਕੁਲਵੰਤ ਸਿੰਘ ਮਲੂਕਾ-ਟਕਸਾਲੀ ਕਾਂਗਰਸੀ ਪਰਿਵਾਰ ਦੇ ਆਗੂ ਅਤੇ ਸਿੱਖਿਆ ਖੇਤਰ ‘ਚੋਂ ਸਿਆਸਤ ਵਿਚ ਪੈਰ ਧਰਨ ਵਾਲੇ ਕੁਲਵੰਤ ਸਿੰਘ ਮਲੂਕਾ ਵੀ ਹਲਕੇ ਅੰਦਰ ਆਪਣੀ ਪਛਾਣ ਬਣਾਉਣ ਲਈ ਯਤਨ ਕਰਦੇ ਨਜ਼ਰ ਆ ਰਹੇ ਹਨ। ਸ. ਮਲੂਕਾ ਨੇ ਹਾਈਕਮਾਨ ਦੇ ਵੱਖ-ਵੱਖ ਵੱਡੇ ਆਗੂਆਂ ਨਾਲ ਮੀਟਿੰਗਾਂ ਕਰਕੇ ਹਲਕੇ ਅੰਦਰ ਆਪਣੀ ਆਮਦ ਦਾ ਅਹਿਸਾਸ ਕਰਾਇਆ ਹੈ ਅਤੇ ਲੱਗ ਰਿਹਾ ਕਿ ਆਪਸੀ ਧੜੇਬੰਦੀ ਕਾਰਨ ਨਵੇਂ ਚਿਹਰੇ ਵਜੋਂ ਉਨ੍ਹਾਂ ਨੂੰ ਅੱਗੇ ਲਿਆਂਦਾ ਜਾ ਸਕਦਾ ਹੈ। ਧਰਮਪਾਲ ਡੀ.ਪੀ. ਨਿਹਾਲ ਸਿੰਘ ਵਾਲਾ-ਅਕਾਲੀ ਦਲ ਵਲੋਂ ਬਣੇ ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦਾ ਪੁੱਤਰ ਐਡਵੋਕੇਟ ਧਰਮਪਾਲ ਸਿੰਘ ਡੀ.ਪੀ. ਵੀ ਆਪਣੇ ਦਾਦੇ ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ ਅਤੇ ਪਿਤਾ ਮਹੇਸ਼ਇੰਦਰ ਸਿੰਘ ਦੀਆਂ ਸਿਆਸੀ ਪਿੜਾਂ ਨੂੰ ਕਾਇਮ ਕਰਨ ਦੇ ਤਹੱਈਏ ਕਰਨ ਵਾਲੇ ਨੌਜਵਾਨ ਆਗੂ ਵਜੋਂ ਲੋਕਾਂ ਵਿਚ ਵਿਚਰ ਕੇ ਆਪਣਾ ਵਜੂਦ ਦਿਖਾਉਂਦਾ ਹੋਇਆ ਆਪਣੇ ਪ੍ਰੋੜ ਸਿਆਸੀ ਪਿਛੋਕੜ ਲਈ ਹਲਕੇ ਦੀ ਉਮੀਦਵਾਰੀ ਲਈ ਆਸਵੰਦ ਹਨ। ਹੁਣ ਦੇਖਣਾ ਇਹ ਹੈ ਕਿ ਸੂਬੇ ਪੱਧਰ ਤੋਂ ਲੈ ਕੇ ਹਲਕਾ ਪੱਧਰ ਤੱਕ ਧੜੇਬੰਦੀ ਦਾ ਸ਼ਿਕਾਰ ਕਾਂਗਰਸ ਪਾਰਟੀ ਦੇ ਆਗੂ ਧੜੇਬੰਦੀ ਦੀ ਸਚਾਈ ਨੂੰ ਕਬੂਲ ਕਰਦੇ ਹਨ ਜਾਂ ਨਹੀਂ, ਪਰ ਆਮ ਜਨਤਾ ਦੀ ਨਜ਼ਰੇ ਆਗੂਆਂ ਦੇ ਵੱਖਰੇ-ਵੱਖਰੇ ਬੋਲ ਅਤੇ ਅਲੱਗ-ਅਲੱਗ ਰਾਹਾਂ ਨੂੰ ਜਾਂਦੇ ਕਦਮ ਕਾਂਗਰਸ ਦੀ ਸਰਕਾਰ ਬਣਾਉਣ ਲਈ ਨਾਸਾਜ਼ ਮਾਹੌਲ ਦੀ ਸਿਰਜਣਾ ਕਰਦੇ ਜਾਪ ਰਹੇ ਹਨ। ਆਉਣ ਵਾਲਾ ਸਮਾਂ ਪ੍ਰਮਾਣ ਪੇਸ਼ ਕਰੇਗਾ ਕਿ ਹਲਕੇ ਦੇ ਆਗੂ ਪਾਰਟੀ ਗੁੱਟਬੰਦੀ ਨੂੰ ਖ਼ਤਮ ਕਰਕੇ ਲੋਕ ਮੱਦਾਂ ਵਿਚ ਪਾਰਟੀ ਨੂੰ ਅੱਗੇ ਲਿਆ ਕੇ ਸਰਕਾਰ ਬਣਾਉਣ ਲਈ ਸੁਹਿਰਦ ਹਨ ਜਾਂ ਨਹੀਂ।
ਪਿਛਲੀ ਖ਼ਬਰ ਪਿੰਡ ਪੱਤੋ ਹੀਰਾ ਸਿੰਘ ਵਿਖੇ 30 ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ (ਬ) ’ਚ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਅਧਿਆਪਕ ਦਲ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਰਜਿਸਟ੍ਰੇਸ਼ਨ ਦੇ ਸਮੇਂ ਦੀ ਸੀਮਾ ਵਧਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।