ਕੋਟ ਈਸੇ ਖਾਂ, 27 ਜੁਲਾਈ (ਗੁਰਮੀਤ ਸਿੰਘ ਖ਼ਾਲਸਾ)-ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ, ਕੋਟ ਈਸੇ ਖਾਂ ਵਿਖੇ 5 ਪੰਜਾਬ ਗਰਲਜ਼ ਬਟਾਲੀਅਨ, ਮੋਗਾ ਦੇ ਕਮਾਂਡਿੰਗ ਅਫ਼ਸਰ ਕਰਨਲ ਸੁਨੀਲ ਕੁਮਾਰ ਦੀ ਅਗਵਾਈ ਹੇਠ ਕੈਂਡਿਟਸ ਵਲੋਂ ਕਾਰਗਿਲ ਵਿਜੇ ਦਿਵਸ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੀ ਏ.ਐਨ.ਓ. ਸ੍ਰੀਮਤੀ ਸਿਮਰਨਜੀਤ ਕੌਰ ਅਤੇ ਯਾਦਵਿੰਦਰ ਕੌਰ ਦੀ ਦੇਖ-ਰੇਖ ਹੇਠ ਐਨ.ਸੀ.ਸੀ. ਕੈਡਟਾਂ ਨੇ 1999 ਦੇ ਕਾਰਗਿਲ ਯੁੱਧ ਵਿਚ ਦੇਸ਼ ਦੀ ਰੱਖਿਆ ਲਈ ਆਪਣੇ ਆਪਾ ਵਾਰਨ ਵਾਲੇ ਵੀਰ ਸ਼ਹੀਦਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ ਅਤੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਰਾਸ਼ਟਰ ਸੇਵਾ ਲਈ ਹਮੇਸ਼ਾ ਸਮਰਪਿਤ ਰਹਿਣ ਦਾ ਪ੍ਰਣ ਕੀਤਾ। ਇਸ ਮੌਕੇ ਪ੍ਰਬੰਧਕਾਂ ਵਲੋਂ ਕੈਡਟਾਂ ਨੂੰ ਕਾਰਗਿਲ ਯੁੱਧ ਦੇ ਇਤਿਹਾਸ, ਭਾਰਤੀ ਸੈਨਾ ਦੀ ਬਹਾਦਰੀ ਅਤੇ ਵੀਰ ਸ਼ਹੀਦਾਂ ਦੇ ਅਦੁੱਤੀ ਬਲੀਦਾਨ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਦੇਸ਼-ਭਗਤੀ, ਅਨੁਸ਼ਾਸਨ, ਲੀਡਰਸ਼ਿਪ ਅਤੇ ਰਾਸ਼ਟਰ ਸੇਵਾ ਦੀ ਭਾਵਨਾ ਨੂੰ ਆਪਣੇ ਜੀਵਨ ਵਿਚ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਕੈਡਟਾਂ ਨੇ ਦੇਸ਼ ਦੀ ਰੱਖਿਆ ਲਈ ਆਪਣੇ ਆਪਾਂ ਵਾਰਨ ਵਾਲੇ ਸਾਰੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰਮਨਜੀਤ ਕੌਰ ਨੇ ਕਿਹਾ ਕਿ ਦੇਸ਼ ਦੀ ਰੱਖਿਆ ਕਰਨ ਵਾਲੇ ਸਾਡੇ ਫ਼ੌਜੀ ਜਵਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਇਸ ਮੌਕੇ ਸਕੂਲ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐਮ.ਡੀ. ਰਣਜੀਤ ਕੌਰ ਸੰਧੂ ਨੇ ਕਿਹਾ ਕਿ ਕਾਰਗਿਲ ਵਿਜੇ ਦਿਵਸ ਹਰ ਸਾਲ ਜੁਲਾਈ ਨੂੰ ਭਾਰਤੀ ਸੈਨਿਕਾਂ ਦੇ ਸਾਹਸ ਅਤੇ ਬਲੀਦਾਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਕਾਰਗਿਲ ਵਿਜੇ ਦਿਵਸ ਮਨਾਉਣ ਨੂੰ ਲੈ ਕੇ ਵਿਦਿਆਰਥੀਆਂ, ਕੈਡਟਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਰਹੱਦਾਂ ‘ਤੇ ਦੇਸ਼ ਦੀ ਰਾਖੀ ਕਰਨ ਵਾਲੇ ਫ਼ੌਜੀ ਸਾਡੇ ਨਾਇਕ ਹਨ ਤੇ ਉਨ੍ਹਾਂ ਦੇ ਜੀਵਨ ਵੱਲ ਦੇਖ ਕੇ ਦੇਸ਼ ਭਗਤੀ ਦਾ ਜਜ਼ਬਾ ਹੋਰ ਪੈਦਾ ਹੁੰਦਾ ਹੈ।