ਮੋਗਾ, 27 ਜੁਲਾਈ (ਸੁਰਿੰਦਰਪਾਲ ਸਿੰਘ)-ਮੀਰੀ ਪੀਰੀ ਦਿਵਸ ‘ਤੇ ਸਿੱਖ ਕੌਮ ਦੀ ਆਨ ਤੇ ਸ਼ਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਸਮਰਪਿਤ ਮੀਰੀ ਪੀਰੀ ਖ਼ਾਲਸਾ ਮਾਰਚ ਜੋ ਕਿ ਅੱਜ ਲੁਹਾਰਾ ਚੌਕ ਪੁੱਜਣ ‘ਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਅਤੇ ਸਿੱਖ ਸੰਗਤਾਂ ਵਲੋਂ ਮਾਰਚ ਦਾ ਨਿੱਘਾ ਤੇ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਸੰਜੀਤ ਸਿੰਘ ਸਨੀ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਉਸ ਦੀ ਆਨ ਤੇ ਸ਼ਾਨ ਦੀ ਬਰਕਰਾਰਤਾ ਅਤੇ ਉਸ ਦੇ ਮੀਰੀ ਪੀਰੀ ਦੇ ਸਿਧਾਂਤਾਂ ਨੂੰ ਅਜੋਕੀ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿਚ ਮੀਰੀ ਪੀਰੀ ਖ਼ਾਲਸਾ ਮਾਰਚ ਅਰੰਭ ਕੀਤਾ ਗਿਆ ਹੈ ਜੋ ਕਿ 4 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਮਾਪਤ ਹੋਵੇਗਾ ਅਤੇ ਮੋਗਾ ਦੇ ਲੁਹਾਰਾ ਚੌਕ ਵਿਚ ਅੱਜ 28 ਜੁਲਾਈ ਨੂੰ 11:30 ਵਜੇ ਤੱਕ ਪਹੁੰਚ ਜਾਵੇਗਾ ਅਤੇ ਲੁਹਾਰਾ ਚੌਕ ਤੋਂ ਲੰਢੇਕੇ, ਲੰਢੇਕੇ ਤੋਂ ਬੱਸ ਸਟੈਂਡ ਮੋਗਾ ਚੌਕ ਜੀ.ਟੀ. ਰੋਡ, ਬੱਸ ਸਟੈਂਡ ਤੋਂ ਅਕਾਲਸਰ ਚੌਕ ਅਤੇ ਅਕਾਲਸਰ ਚੌਕ ਤੋਂ ਗੋਧੇਵਾਲਾ ਅਤੇ ਉਸ ਤੋਂ ਬਾਅਦ ਕੋਟਕਪੂਰਾ ਬਾਈਪਾਸ ਤੋਂ ਬੁੱਘੀਪੁਰਾ ਪੜਾਅ ਕਰਦਾ ਹੋਇਆ ਅੱਗੇ ਰਵਾਨਾ ਹੋਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਖ਼ਾਲਸਾ ਮਾਰਚ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪੁੱਜ ਕੇ ਗੁਰੂ ਸਾਹਿਬਾਨਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਵੰਤ ਸਿੰਘ ਮਾਹਲਾ ਸੀਨੀਅਰ ਆਗੂ, ਜਗਦੀਸ਼ ਲਾਲ ਛਾਬੜਾ ਸਾਬਕਾ ਚੇਅਰਮੈਨ, ਕੁਲਦੀਪ ਸਿੰਘ ਦੀਪਾ ਸਰਕਲ ਪ੍ਰਧਾਨ, ਹਰਪਾਲ ਸਿੰਘ, ਸੁਖਬੀਰ ਸਿੰਘ ਸੁੱਖ ਗਿੱਲ ਪ੍ਰਧਾਨ ਯੂਥ, ਜਸਨੂਰ ਸਿੰਘ ਗਿੱਲ, ਲਖਬੀਰ ਸਿੰਘ, ਗੁਰਦੀਪ ਸਿੰਘ ਢਿੱਲੋਂ, ਸਰਫਰੋਜ ਅਲੀ ਭੁੱਟੋ, ਬਲਵਿੰਦਰ ਸਿੰਘ, ਜਤਿੰਦਰ ਸਿੰਘ, ਜਗਜੀਤ ਸਿੰਘ ਬਿੱਟੂ ਗਿੱਲ, ਸੁਨੀਲ ਕੁਮਾਰ ਚਾਟਲੇ, ਪਰਮਿੰਦਰ ਸਿੰਘ ਸਫ਼ਰੀ, ਇੰਦਰਜੀਤ ਸਿੰਘ, ਗੁਰਮੇਲ ਸਿੰਘ ਗੇਲੀ, ਗੁਰਨਾਮ ਸਿੰਘ ਖ਼ਾਲਸਾ, ਜੈਦੀਪ ਸਿੰਘ ਸਰਕਲ ਯੂਥ ਪ੍ਰਧਾਨ, ਸੁਖਮੰਦਰ ਸਿੰਘ ਆਦਿ ਹਾਜ਼ਰ ਸਨ।