ਬਾਘਾ ਪੁਰਾਣਾ, 28 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)- ਭਾਰਤੀ ਕਿਸਾਨ ਯੂਨੀਅਨ ਖੋਸਾ ਨੇ ਦਿੱਲੀ ’ਚ ਜੰਤਰ ਮੰਤਰ ਵਿਖੇ ਵਿਦਿਆਰਥੀਆਂ ਦੀ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਜਿੱਤ ਲੋਕਾਂ ਦੇ ਏਕੇ ਦੀ ਜਿੱਤ ਹੈ| ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ ਅਤੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਉੱਗੋਕੇ ਨੇ ਕਿਹਾ ਕਿ ਇਸ ਸੰਘਰਸ਼ ਵਿਚ ਹਰ ਵਰਗ ਦੇ ਲੋਕਾਂ ਨੇ ਆਪਣਾ ਯੋਗਦਾਨ ਪਾਇਆ ਅਤੇ ਪੰਜਾਬੀ ਸਿੱਖ ਭਾਈਚਾਰੇ ਵਲੋਂ ਇਸ ਸਮੇਂ ਵਿਦਿਆਰਥੀ ਸੰਘਰਸ਼ ਨੂੰ ਸਪੋਟ ਕਰਨੀ ਆਪਣੇ ਆਪ ’ਚ ਅਹਿਮ ਹੈ| ਉਨ੍ਹਾਂ ਕਿਹਾ ਕਿ ਬੀ.ਕੇ.ਯੂ. ਖੋਸਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਅਤੇ ਜਨਰਲ ਸਕੱਤਰ ਗੁਣਵੰਤ ਸਿੰਘ ਆਪਣੀ ਜਥੇਬੰਦੀ ਸਮੇਤ ਵਿਦਿਆਰਥੀਆਂ ਦੇ ਹੱਕ ’ਚ ਡਟ ਕੇ ਖੜ੍ਹੇ ਰਹੇ| ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਦਾ ਸ਼ਿਕਾਰ ਹੋਏ ਨੌਜਵਾਨ ਬੱਚੇ ਬੱਚੀਆਂ ਲਈ ਦਿੱਲੀ ਦੇ ਗੁਰੂ ਘਰਾਂ ਦੇ ਦਰਵਾਜ਼ੇ ਖੋਲ੍ਹ ਕੇ ਰੱਖੇ ਗਏ| ਇਨ੍ਹਾਂ ਗੁਰਦੁਆਰਾ ਸਾਹਿਬ ’ਚ ਭੁੱਖੇ ਅਤੇ ਜ਼ਖਮੀ ਹੋਏ ਵਿਦਿਆਰਥੀਆਂ ਲਈ ਦਵਾਈ, ਲੰਗਰ ਦਾ ਪ੍ਰਬੰਧ ਕਰਨ ਨਾਲ ਪੂਰੀ ਦੁਨੀਆਂ ’ਚ ਸਿੱਖ ਕੌਮ ਦਾ ਸਿਰ ਉੱਚਾ ਹੋਇਆ ਹੈ ਅਤੇ ਨਾਲ ਹੀ ਮੋਦੀ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਹੋਣਾ ਪਿਆ| ਉਨ੍ਹਾਂ ਪੰਜਾਬ ਵਿਚ ਸਫਾਈ ਸੇਵਕਾਂ ਦੇ ਚੱਲ ਰਹੇ ਸੰਘਰਸ਼ ਦਾ ਸਮਰਥਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਸਫਾਈ ਸੇਵਕਾਂ ਦੀਆਂ ਮੰਗਾਂ ਤੁਰੰਤ ਮੰਨ ਲੈਣੀਆਂ ਚਾਹੀਦੀਆਂ ਹਨ| ਉਨ੍ਹਾਂ ਕਿਹਾ ਕਿ ਸਰਕਾਰੀ ਧੱਕੇਸ਼ਾਹੀ ਦਾ ਸ਼ਿਕਾਰ ਹਰ ਧਿਰ ਨਾਲ ਖੋਸਾ ਜਥੇਬੰਦੀ ਡਟ ਕੇ ਖੜੇਗੀ|
ਦਿੱਲੀ ਦੇ ਵਿਦਿਆਰਥੀ ਸੰਘਰਸ਼ ’ਚ ਏਕੇ ਦੀ ਜਿੱਤ ਹੋਈ ਹੈ-ਬੀ.ਕੇ.ਯੂ. ਖੋਸਾ
ਅਜੀਤ ਡੈਸਕ
29-07-2026