ਗੀਤਾ ਭਵਨ ਵਿਖੇ ਕਥਾ ਸਮਾਪਤੀ ਮਗਰੋਂ ਭਗਤੀ, ਸੇਵਾ ਤੇ ਸੰਗਤ ਦਾ ਅਨੋਖਾ ਮਿਲਾਪ
ਮੋਗਾ, 3 ਅਗਸਤ (ਸੁਰਿੰਦਰਪਾਲ ਸਿੰਘ)-ਬ੍ਰਹਮਲੀਨ ਪੂਜਨੀਕ ਸਵਾਮੀ ਵੇਦਾਂਤਾਨੰਦ ਮਹਾਰਾਜ ਦੀ ਪਾਵਨ ਤਪੋ ਭੂਮੀ ਗੀਤਾ ਭਵਨ ਮੋਗਾ ਵਿਖੇ ਗੁਰੂ ਪੂਰਨਿਮਾ ਮਹਾਂਉਤਸਵ ਅਤੇ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਦੇ ਭਵਿਆ ਸਮਾਪਨ ਉਪਰੰਤ ਗੀਤਾ ਭਵਨ ਟਰੱਸਟ ਸੁਸਾਇਟੀ ਵਲੋਂ ਵਿਸ਼ਾਲ ਭੰਡਾਰਾ, ਗੁਰੂ ਦਾ ਲੰਗਰ ਅਤੇ ਭਜਨ-ਕੀਰਤਨ ਸੰਧਿਆ ਦਾ ਆਯੋਜਨ ਬੜੀ ਸ਼ਰਧਾ, ਪ੍ਰੇਮ ਅਤੇ ਸੇਵਾ ਭਾਵਨਾ ਨਾਲ ਕੀਤਾ ਗਿਆ। ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਗੀਤਾ ਭਵਨ ਦਾ ਸਮੂਹ ਮਾਹੌਲ ਭਗਤੀ, ਸੇਵਾ ਅਤੇ ਸਤਸੰਗ ਦੇ ਰੰਗ ਵਿਚ ਰੰਗਿਆ ਰਿਹਾ।
ਮੋਗਾ, 3 ਅਗਸਤ (ਸੁਰਿੰਦਰਪਾਲ ਸਿੰਘ)-ਬ੍ਰਹਮਲੀਨ ਪੂਜਨੀਕ ਸਵਾਮੀ ਵੇਦਾਂਤਾਨੰਦ ਮਹਾਰਾਜ ਦੀ ਪਾਵਨ ਤਪੋ ਭੂਮੀ ਗੀਤਾ ਭਵਨ ਮੋਗਾ ਵਿਖੇ ਗੁਰੂ ਪੂਰਨਿਮਾ ਮਹਾਂਉਤਸਵ ਅਤੇ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਦੇ ਭਵਿਆ ਸਮਾਪਨ ਉਪਰੰਤ ਗੀਤਾ ਭਵਨ ਟਰੱਸਟ ਸੁਸਾਇਟੀ ਵਲੋਂ ਵਿਸ਼ਾਲ ਭੰਡਾਰਾ, ਗੁਰੂ ਦਾ ਲੰਗਰ ਅਤੇ ਭਜਨ-ਕੀਰਤਨ ਸੰਧਿਆ ਦਾ ਆਯੋਜਨ ਬੜੀ ਸ਼ਰਧਾ, ਪ੍ਰੇਮ ਅਤੇ ਸੇਵਾ ਭਾਵਨਾ ਨਾਲ ਕੀਤਾ ਗਿਆ। ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਗੀਤਾ ਭਵਨ ਦਾ ਸਮੂਹ ਮਾਹੌਲ ਭਗਤੀ, ਸੇਵਾ ਅਤੇ ਸਤਸੰਗ ਦੇ ਰੰਗ ਵਿਚ ਰੰਗਿਆ ਰਿਹਾ। ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਗੁਰੂ ਦੇ ਲੰਗਰ ਦਾ ਪ੍ਰਸਾਦ ਛਕ ਕੇ ਆਪਣੇ ਆਪ ਨੂੰ ਸੁਭਾਗਾ ਮਹਿਸੂਸ ਕੀਤਾ ਜਿਸ ਵਿਚ ਗੀਤਾ ਭਵਨ ਪਰਿਵਾਰ, ਸ਼ਰਧਾਲੂਆਂ ਅਤੇ ਸ਼ਹਿਰ ਵਾਸੀਆਂ ਨੇ ਸ਼ਰਧਾ ਅਤੇ ਪ੍ਰੇਮ ਨਾਲ ਪ੍ਰਸਾਦ ਗ੍ਰਹਿਣ ਕੀਤਾ। ਸਾਰਾ ਦਿਨ ਸੇਵਾ ਵਿਚ ਜੁਟੇ ਸੇਵਾਦਾਰਾਂ ਨੇ ਨਿਮਰਤਾ, ਸਮਰਪਣ ਅਤੇ ਆਤਮਿਕ ਭਾਵਨਾ ਨਾਲ ਸੰਗਤ ਦੀ ਸੇਵਾ ਕੀਤੀ। ਗੀਤਾ ਭਵਨ ਟਰੱਸਟ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਲੰਗਰ ਸਿਰਫ਼ ਅੰਨ ਦਾਨ ਨਹੀਂ, ਸਗੋਂ ਮਨੁੱਖਤਾ, ਸਮਾਨਤਾ ਅਤੇ ਸੇਵਾ ਦਾ ਸਭ ਤੋਂ ਪਵਿੱਤਰ ਤਿਉਹਾਰ ਹੈ। ਗੁਰੂ ਦੇ ਦਰਬਾਰ ਵਿਚ ਕੋਈ ਛੋਟਾ ਜਾਂ ਵੱਡਾ ਨਹੀਂ ਹੁੰਦਾ, ਸਾਰੇ ਇਕੋ ਪੰਗਤ ਵਿਚ ਬੈਠ ਕੇ ਪ੍ਰਸਾਦ ਛਕਦੇ ਹਨ। ਇਹੀ ਭਾਰਤੀ ਸਭਿਆਚਾਰ ਅਤੇ ਸਨਾਤਨ ਪਰੰਪਰਾ ਦੀ ਸਭ ਤੋਂ ਸੁੰਦਰ ਪਹਿਚਾਣ ਹੈ। ਉਨ੍ਹਾਂ ਕਿਹਾ ਕਿ ਗੀਤਾ ਭਵਨ ਵਿਚ ਆਉਣ ਵਾਲਾ ਹਰ ਸ਼ਰਧਾਲੂ ਮਹਿਮਾਨ ਨਹੀਂ, ਸਗੋਂ ਬ੍ਰਹਮਲੀਨ ਸਵਾਮੀ ਵੇਦਾਂਤਾਨੰਦ ਮਹਾਰਾਜ ਦਾ ਆਪਣਾ ਪਰਿਵਾਰ ਹੈ। ਇਹੀ ਪਰਿਵਾਰ ਸਾਲਾਂ ਤੋਂ ਪ੍ਰੇਮ, ਵਿਸ਼ਵਾਸ ਅਤੇ ਸੇਵਾ ਦੀ ਇਸ ਪਵਿੱਤਰ ਪਰੰਪਰਾ ਨੂੰ ਅੱਗੇ ਵਧਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀਮਦ ਭਾਗਵਤ ਕਥਾ ਦਾ ਅਸਲ ਫਲ ਤਦੋਂ ਹੀ ਮਿਲਦਾ ਹੈ ਜਦੋਂ ਉਸ ਦੇ ਆਦਰਸ਼ ਸਾਡੇ ਜੀਵਨ ਅਤੇ ਵਿਹਾਰ ਵਿਚ ਉੱਤਰਦੇ ਹਨ। ਸ਼ਾਮ ਵੇਲੇ ਹੋਈ ਭਜਨ-ਕੀਰਤਨ ਸੰਧਿਆ ਨੇ ਪੂਰੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਸ਼ਰਧਾਲੂ ਦੇਰ ਰਾਤ ਤੱਕ ਭਗਵਾਨ ਸ੍ਰੀ ਕ੍ਰਿਸ਼ਨ ਅਤੇ ਗੁਰੂ ਮਹਿਮਾ ਦਾ ਗੁਣਗਾਨ ਕਰਦੇ ਰਹੇ। ਪੂਰਾ ਸਭਾ ਹਾਲ ਹਰਿਨਾਮ ਸੰਕੀਰਤਨ ਨਾਲ ਗੂੰਜ ਉੱਠਿਆ ਅਤੇ ਸ਼ਰਧਾਲੂ ਭਗਤੀ ਰਸ ਵਿਚ ਲੀਨ ਹੋ ਗਏ। ਗੀਤਾ ਭਵਨ ਟਰੱਸਟ ਸੁਸਾਇਟੀ ਦੇ ਮਹਾਂਮੰਤਰੀ ਅੰਸ਼ੁਲ ਸ਼੍ਰੀਕੁੰਜ (ਹਰਿਦੁਆਰ) ਨੇ ਕਿਹਾ ਕਿ ਬ੍ਰਹਮਲੀਨ ਸਵਾਮੀ ਵੇਦਾਂਤਾਨੰਦ ਮਹਾਰਾਜ ਅਤੇ ਬ੍ਰਹਮਲੀਨ ਸਵਾਮੀ ਸਹਿਜ ਪ੍ਰਕਾਸ਼ ਮਹਾਰਾਜ ਵਲੋਂ ਸਥਾਪਿਤ ਸੇਵਾ, ਸਤਸੰਗ ਅਤੇ ਸੰਸਕਾਰਾਂ ਦੀ ਪਰੰਪਰਾ ਅੱਜ ਵੀ ਉਸੇ ਸ਼ਰਧਾ ਅਤੇ ਸਮਰਪਣ ਨਾਲ ਨਿਰੰਤਰ ਜਾਰੀ ਹੈ। ਗੀਤਾ ਭਵਨ ਕੇਵਲ ਇਕ ਧਾਰਮਿਕ ਸਥਾਨ ਹੀ ਨਹੀਂ, ਸਗੋਂ ਸੇਵਾ, ਸੰਸਕਾਰ, ਅਧਿਆਤਮਿਕ ਜਾਗਰੂਕਤਾ ਅਤੇ ਸਮਾਜਿਕ ਸਾਂਝ ਦਾ ਜੀਵੰਤ ਕੇਂਦਰ ਹੈ। ਇਸ ਮੌਕੇ ਟਰੱਸਟ ਦੇ ਸੀਨੀਅਰ ਉਪ ਪ੍ਰਧਾਨ ਰਵਿੰਦਰ ਸੂਦ, ਜੂਨੀਅਰ ਉਪ ਪ੍ਰਧਾਨ ਭਰਤ ਕੁਮਾਰ ਅਗਰਵਾਲ, ਸਹਿ ਸਕੱਤਰ ਸੁਰਿੰਦਰ ਗੋਇਲ, ਖ਼ਜ਼ਾਨਚੀ ਯੋਗੇਸ਼ ਗਰਗ, ਟਰੱਸਟੀ ਐਡਵੋਕੇਟ ਮਨਵਿੰਦਰ ਸੱਗੂ, ਐਡਵੋਕੇਟ ਕ੍ਰਿਸ਼ਨ ਮੁਰਾਰੀ ਗੁਪਤਾ ਸਮੇਤ ਟਰੱਸਟ ਦੇ ਸਮੂਹ ਅਹੁਦੇਦਾਰ, ਸੇਵਾਦਾਰ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।