ਮਲੇਰਕੋਟਲਾ, 14 ਫਰਵਰੀ (ਮਨਜਿੰਦਰ ਸਿੰਘ ਸਰੌਦ) - ਸੂਬਾ ਸਰਕਾਰ ਵਲੋਂ ਨੌਜਵਾਨ ਵਰਗ ਨੂੰ 'ਵਿਰਾਸਤੀ ਸਰੋਕਾਰਾਂ' ਦੇ ਵੱਲ ਮੋੜਨ ਲਈ ਕੀਤੇ ਜਾ ਰਹੇ ਉਪਰਾਲੇ ਵਜੋਂ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਚੱਲ ਰਿਹਾ ਤਿੰਨ ਰੋਜ਼ਾ ਸੂਫ਼ੀ ਮੇਲਾ ਆਪਣੇ ਭਰ ਜੋਬਨ 'ਤੇ ਪਹੁੰਚ ਗਿਆ ਹੈ | ਨੌਜਵਾਨ ਵਰਗ ਨੂੰ ਆਪਣੀ 'ਵਿਰਾਸਤੀ ਧਰੋਹਰ ਵੱਲ ਆਕਰਸ਼ਿਤ ਕਰ ਰਹੀਆਂ ਪੁਰਾਤਨ ਇਤਿਹਾਸਿਕ ਵਸਤੂਆਂ ਦੀਆਂ ਪ੍ਰਦਰਸ਼ਨੀਆਂ ਦਾ ਲੇਖਾ-ਜੋਖਾ ਆਪਣੇ ਆਪ ਵਿਚ ਇੱਕ ਅਹਿਮ ਦਸਤਾਵੇਜ਼ ਹੈ | ਕਲਾਕਾਰ ਵਰਗ ਵਲੋਂ ਸੂਫ਼ੀਆਨਾ ਅੰਦਾਜ਼ ਵਿਚ ਬਾ-ਕਮਾਲ ਪੇਸ਼ਕਾਰੀ ਕਰਦਿਆਂ ਨਵੇਂ ਪੂਰ ਨੂੰ ਆਪਣੇ ਨਾਲ ਜੋੜਨ ਦੇ ਲਈ ਕੀਤੇ ਜਾ ਰਹੇ ਯਤਨਾਂ ਦੀ ਕਵਾਇਦ ਨੂੰ ਜੇਕਰ ਗਹੁ ਨਾਲ ਵਾਚੀਏ ਤਾਂ ਬਿਨਾਂ ਸ਼ੱਕ ਇਹ ਇੱਕ ਨਿਵੇਕਲਾ ਕਦਮ ਹੈ | ਸੂਫ਼ੀ ਮੇਲੇ ਤੋਂ ਇਲਾਵਾ ਪੰਜਾਬ ਸਖੀ ਸ਼ਕਤੀ ਮੇਲੇ ਦੌਰਾਨ ਮਹਿਲਾ ਸਵੈ-ਸਹਾਇਤਾ ਸਮੂਹਾਂ ਵਲੋਂ ਤਿਆਰ ਕੀਤੇ ਹੱਥ-ਸ਼ਿਲਪ ਉਤਪਾਦ, ਰਵਾਇਤੀ ਪੁਸ਼ਾਕਾਂ, ਬਨਾਵਟੀ ਗਹਿਣੇ, ਜੈਵਿਕ ਉਤਪਾਦ ਤੇ ਹੋਰ ਸਥਾਨਕ ਕਾਰੀਗਰੀ ਦੇ ਕਲਾ ਨਮੂਨੇ ਪ੍ਰਦਰਸ਼ਿਤ ਕੀਤੇ ਗਏ | ਸੂਫ਼ੀ ਮੇਲੇ ਦੀ ਝਲਕ ਤੋਂ ਪੰਜਾਬ ਦੀ ਅਮੀਰ ਵਿਰਾਸਤ ਨੂੰ ਸੂਫ਼ੀ ਸੰਗੀਤ ਦੇ ਮਾਧਿਅਮ ਨਾਲ ਯਾਦ ਕੀਤਾ ਜਾ ਸਕਦਾ ਹੈ | ਭਾਰਤੀ ਸੰਗੀਤ ਪਰੰਪਰਾ ਸਦੀਆਂ ਪੁਰਾਣੀ ਹੈ ਪਰੰਤੂ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਇਸ ਤੋਂ ਦੂਰ ਹੋ ਰਹੀ ਹੈ | ਸੂਫ਼ੀ ਮੇਲੇ ਦੌਰਾਨ ਸਵੈ-ਸਹਾਇਤਾ ਸਮੂਹਾਂ ਤੇ ਸ਼ਿਲਪ ਕਲਾਕਾਰਾਂ ਦੀਆਂ ਸਟਾਲਾਂ ਲਗਾਈਆਂ ਗਈਆਂ, ਜਿਨ੍ਹਾਂ ਵਿਚੋਂ ਜ਼ਿਲ੍ਹਾ ਮਲੇਰਕੋਟਲਾ ਦੀਆਂ ਸਵੈ-ਸਹਾਇਤਾ ਟੀਮਾਂ ਵਲੋਂ ਰਵਾਇਤੀ ਪੰਜਾਬੀ ਪਕਵਾਨ, ਹੱਥੀਂ ਬੁਣਤ ਪੋਸ਼ਾਕਾਂ, ਸੁੱਧ ਆਚਾਰ, ਪੰਜਾਬੀ ਰਵਾਇਤੀ ਜੁੱਤੀ, ਸਾਹਿਤਕ ਪੁਸਤਕਾਂ, ਸੁੱਧ ਮਸਾਲੇ ਤੇ ਪੇਂਟਿੰਗ ਦੀਆਂ ਸਟਾਲਾਂ ਨੇ ਲੋਕਾਂ ਦਾ ਕਾਫ਼ੀ ਧਿਆਨ ਖਿੱਚਿਆ | ਪੰਜਾਬ ਦੇ ਬਾਕੀ ਜ਼ਿਲਿ੍ਹਆਂ ਤੇ ਦੇਸ਼ ਦੇ ਹੋਰਨਾਂ ਰਾਜਾਂ ਤੋਂ ਸਵੈ-ਸਹਾਇਤਾ ਸਮੂਹਾਂ ਤੇ ਸ਼ਿਲਪ ਕਲਾਕਾਰਾਂ ਵਲੋਂ ਹੱਥੀਂ ਬਣੇ ਉਤਪਾਦ, ਬਨਾਵਟੀ ਗਹਿਣੇ, ਘਰੇਲੂ ਸਜਾਵਟੀ ਸਮਾਨ, ਮਨਿਆਰੀ, ਬੇਕਰੀ ਉਦਪਾਦ ਨਾਲ ਸਬੰਧਿਤ ਵੱਖ-ਵੱਖ ਨਮੂਨੇ ਉਪਲਬਧ ਕਰਵਾਏ ਗਏ | ਮੇਲੇ ਦੌਰਾਨ ਫ਼ਰਨੀਚਰ, ਕਰੋਕਰੀ, ਕਾਰਪੇਟ, ਕਿਤਾਬਾਂ ਤੇ ਫ਼ੋਟੋਗਰਾਫੀ ਨਾਲ ਸੰਬੰਧਿਤ ਓਪਨ ਸਟਾਲਾਂ ਵੀ ਆਮ ਲੋਕਾਂ ਲਈ 'ਰੂਹਦਾਰੀ ਦਾ ਕੇਂਦਰ' ਬਣੀਆਂ | ਹਲਕਾ ਵਿਧਾਇਕ ਡਾ. ਜਮੀਲ ਉਰ ਰਹਿਮਾਨ ਤੇ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਅਜਿਹੇ ਸਮਾਗਮ ਨੌਜਵਾਨ ਵਰਗ ਨੂੰ ਵਿਰਸੇ ਦੇ ਨਾਲ ਜੋੜਨ ਦੇ ਲਈ ਇੱਕ ਕੜੀ ਹਨ ਜੋ ਅਗਲੇ ਸਮੇਂ ਨੂੰ ਵੀ ਜਾਰੀ ਰਹਿਣਗੇ | ਮੌਜੂਦਾ ਸਮੇਂ ਨੌਜਵਾਨ ਵਰਗ ਆਪਣੇ ਸੱਭਿਆਚਾਰ ਤੇ 'ਵਿਰਾਸਤੀ ਸਰੋਕਾਰਾਂ' ਤੋਂ ਦੂਰ ਹੁੰਦਾ ਹੋਇਆ ਪੱਛਮੀ ਚਕਾਚੌਂਧ ਦੇ ਵਿਚ ਲਿਪਤ ਹੋ ਕੇ ਆਪਣੀ ਅਣਮੁੱਲੇ ਵਿਰਸੇ ਨੂੰ ਭੁੱਲਦਾ ਜਾ ਰਿਹਾ ਹੈ ਪਰੰਤੂ ਸੂਬਾ ਸਰਕਾਰ ਵਲੋਂ ਸੱਭਿਆਚਾਰ ਤੇ ਪੁਰਾਤਨ ਧਰੋਹਰਾਂ ਨੂੰ 'ਰੂਪਮਾਨ' ਕਰਨ ਦੇ ਲਈ ਕੀਤੇ ਜਾ ਰਹੇ ਉਪਰਾਲੇ ਦੀ ਚਰਚਾ ਪਿੰਡਾਂ ਦੀਆਂ ਸੱਥਾਂ ਅੰਦਰ ਆਮ ਲੋਕਾਂ ਵਲੋਂ ਵੀ ਕੀਤੀ ਜਾ ਰਹੀ ਹੈ |