ਸੰਗਰੂਰ, 14 ਫਰਵਰੀ (ਸੁਖਵਿੰਦਰ ਸਿੰਘ ਫੁੱਲ, ਅਮਨਦੀਪ ਸਿੰਘ ਬਿੱਟਾ)-ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਮੁੜ ਦਾਅਵਾ ਕੀਤਾ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਨ੍ਹਾਂ ਨੂੰ ਸੰਗਰੂਰ ਦੇ ਇਕ ਵਿਅਕਤੀ ਰਾਹੀਂ ਸੁਨੇਹਾ ਲਗਾਇਆ ਸੀ, ਜਿਸ ਵਿਚ ਭਾਜਪਾ ਦੀ ਟਿਕਟ ਅਤੇ ਹੋਰ ਸਹੂਲਤਾਂ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ | ਇਥੇ 'ਅਜੀਤ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੰਗਰੂਰ ਦਾ ਇਹ ਵਿਅਕਤੀ ਕਿਸੇ ਰਾਜਨੀਤਿਕ ਪਾਰਟੀ ਦਾ ਆਗੂ ਨਹੀਂ ਹੈ, ਸਗੋਂ ਕਿਸੇ ਜਥੇਬੰਦੀ ਨਾਲ ਸੰਬੰਧਿਤ ਹੈ | ਉਨ੍ਹਾਂ ਦੱਸਿਆ ਕਿ ਇਹ ਸਾਰਾ ਕੁਝ 'ਅਪਰੇਸ਼ਨ ਲੋਟਸ' ਦਾ ਹੀ ਹਿੱਸਾ ਹੈ | ਅਜਿਹੀਆਂ ਕਾਰਵਾਈਆਂ ਰਾਹੀਂ ਭਾਜਪਾ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਖਿੱਚਦੀ ਰਹਿੰਦੀ ਹੈ | ਵਿਰੋਧੀ ਆਗੂਆਂ ਵਲੋਂ ਲਗਾਏ ਇਸ ਦੋਸ਼ ਬਾਰੇ ਜਿਸ ਵਿਚ ਕਿਹਾ ਗਿਆ ਹੈ ਕਿ ਵਿਧਾਇਕਾ ਬਣਨ ਤੋਂ ਪਹਿਲਾਂ ਇਕ ਸਕੂਟਰੀ 'ਤੇ ਘੁੰਮਦੇ ਸਨ ਅਤੇ ਅੱਜ ਉਨ੍ਹਾਂ ਕੋਲ ਵੱਡੀਆਂ ਕਾਰਾਂ ਹਨ, ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਆਪਣੀ ਕੋਈ ਕਾਰ ਨਹੀਂ ਹੈ | ਸਫ਼ਰ ਕਰਨ ਲਈ ਉਨ੍ਹਾਂ ਨੂੰ ਸਰਕਾਰੀ ਕਾਰ ਮਿਲੀ ਹੋਈ ਹੈ | ਵਿਰੋਧੀ ਧਿਰ ਵਲੋਂ ਕਾਨੂੰਨੀ ਕਾਰਵਾਈ ਦੀ ਦਿੱਤੀ ਚਿਤਾਵਨੀ ਬਾਰੇ ਪੁੱਛੇ ਜਾਣ 'ਤੇ ਭਰਾਜ ਨੇ ਕਿਹਾ ਕਿ ਉਹ ਵਿਰੋਧੀ ਧਿਰ ਦੀ ਹਰ ਗੱਲ ਦਾ ਜਵਾਬ ਕਾਨੂੰਨੀ ਤੌਰ 'ਤੇ ਦੇਣਗੇ |