ਸੰਗਰੂਰ, 14 ਫਰਵਰੀ (ਦਮਨਜੀਤ ਸਿੰਘ) - ਥਾਣਾ ਸਿਟੀ ਸੰਗਰੂਰ ਪੁਲਿਸ ਵਲੋਂ ਇੱਕ ਸਕੂਟਰੀ ਸਵਾਰ ਨੌਜਵਾਨ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਨਸ਼ੀਲੇ ਕੈਪਸੂਲਾਂ ਸਮੇਤ ਗਿ੍ਫ਼ਤਾਰ ਕਰਨ ਦਾਅਵਾ ਕੀਤਾ ਗਿਆ ਹੈ | ਥਾਣਾ ਮੁਖੀ ਇੰਸ. ਗੁਲਾਬ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਮੁਹਿੰਮ ਦੇ ਚੱਲਦਿਆਂ ਥਾਣਾ ਸਿਟੀ ਸੰਗਰੂਰ ਦੇ ਹੌਲਦਾਰ ਸੰਦੀਪ ਸਿੰਘ ਅਤੇ ਹੌਲਦਾਰ ਸੁਖਦੀਪ ਸਿੰਘ ਵਲੋਂ ਹੋਰਨਾਂ ਮੁਲਾਜ਼ਮਾਂ ਸਣੇ ਸ਼ਹਿਰ ਅੰਦਰ ਗਸ਼ਤ ਕੀਤੀ ਜਾ ਰਹੀ ਸੀ ਤਾਂ ਸਥਾਨਕ ਵਾਰ ਹਿਰੋਜ਼ ਸਟੇਡੀਅਮ ਅਤੇ ਮੰਦਿਰ ਸ੍ਰੀ ਮਹਾਂ ਕਾਲੀ ਦੇਵੀ ਜੀ ਵਿਚਕਾਰ ਪੈਂਦੀ ਸੜਕ ਉੱਤੇ ਉਨ੍ਹਾਂ ਨੂੰ ਇੱਕ ਸਕੂਟਰੀ ਸਵਾਰ ਸ਼ੱਕੀ ਨੌਜਵਾਨ ਦਿਖਾਈ ਦਿੱਤਾ ਜਿਸ ਦੀ ਸ਼ੱਕ ਦੇ ਆਧਾਰ ਉੱਤੇ ਕੀਤੀ ਗਈ ਤਲਾਸ਼ੀ ਦੌਰਾਨ ਉਸ ਪਾਸੋਂ 2085 ਨਸ਼ੀਲੇ ਪਾਬੰਦੀਸ਼ੁਦਾ ਕੈਪਸੂਲ ਬਰਾਮਦ ਹੋਏ | ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਦੀ ਪਛਾਣ ਸਾਹਿਲ ਕੁਮਾਰ ਵਾਸੀ ਰਾਮ ਨਗਰ ਬਸਤੀ ਸੰਗਰੂਰ ਵਜੋਂ ਹੋਈ, ਖ਼ਿਲਾਫ਼ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਕੇ ਗਿ੍ਫ਼ਤਾਰ ਕੀਤਾ ਗਿਆ | ਇੰਸ. ਗੁਲਾਬ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗਿ੍ਫ਼ਤਾਰ ਕੀਤਾ ਗਿਆ ਨੌਜਵਾਨ ਸਾਹਿਲ ਕੁਮਾਰ ਸ਼ਹਿਰ ਅੰਦਰ ਨਸ਼ੀਲੇ ਕੈਪਸੂਲ ਸਪਲਾਈ ਕਰਨ ਵਾਲਾ ਮੁੱਖ ਤਸਕਰ ਹੈ | ਉਨ੍ਹਾਂ ਕਿਹਾ ਕਿ ਇਸ ਨੌਜਵਾਨ ਦੇ ਅਗਲੇ ਸਾਰੇ ਸੰਪਰਕ ਚੈੱਕ ਕੀਤੇ ਜਾ ਰਹੇ ਹਨ |