ਖਨੌਰੀ, 14 ਫਰਵਰੀ (ਬਲਵਿੰਦਰ ਸਿੰਘ ਥਿੰਦ) - ਮੁੱਖ ਮੰਤਰੀ ਭਗਵੰਤ ਮਾਨ ਦੇ ਡਰੀਮ ਪ੍ਰੋਜੈਕਟ ਸੀ.ਐਮ. ਦੀ ਯੋਗਸ਼ਾਲਾ ਖਨੌਰੀ ਸ਼ਹਿਰ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ | ਇਸ ਪ੍ਰੋਜੈਕਟ ਵਿਚ ਯੋਗ ਦੀਆਂ ਫ਼ਰੀ ਕਲਾਸਾਂ ਲਾਈਆਂ ਜਾ ਰਹੀਆਂ ਹਨ ਜਿਸ ਵਿਚ ਸੂਖਸ਼ਮ ਵਿਯਾਮ, ਸਥੂਲ ਵਿਯਾਮ, ਆਸਣ, ਧਿਆਨ, ਪ੍ਰਾਣਾਯਾਮ ਆਦਿ ਸਿਖਾਇਆ ਜਾਂਦਾ ਹੈ | ਜਿਸ ਵਿਚ ਹਰ ਉਮਰ ਵਰਗ ਦੇ ਲੋਕ ਹਿੱਸਾ ਲੈ ਰਹੇ ਹਨ | ਯੋਗ ਕਰਨ ਨਾਲ ਸਰਵਾਈਕਲ, ਬੈਕ ਪੇਨ, ਸਟਰੈੱਸ, ਚਿੰਤਾ, ਜੋੜਾਂ ਦੇ ਦਰਦ, ਮੋਟਾਪਾ, ਹਾਈ-ਲੋਅ ਬਲੱਡ ਪੈ੍ਰਸ਼ਰ ਆਦਿ ਬਿਮਾਰੀਆਂ ਤੋਂ ਰਾਹਤ ਮਿਲ ਰਹੀ ਹੈ | ਸੀ.ਐਮ. ਦੀ ਯੋਗਸ਼ਾਲਾ ਪ੍ਰੋਜੈਕਟ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ | ਜਿਸ ਵਿਚ ਯੋਗ ਇੰਸਟਰਕਟਰ ਸੁਨੀਲ ਕੁਮਾਰ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕ ਕਰ ਰਹੇ ਹਨ ਅਤੇ ਵੱਖ-ਵੱਖ ਥਾਵਾਂ 'ਤੇ ਰੋਜ਼ਾਨਾ ਯੋਗ ਦੀਆਂ ਕਲਾਸਾਂ ਲਗਾ ਰਹੇ ਹਨ, ਜਿਸ ਨਾਲ ਯੋਗ ਦੇ ਨਿਯਮਿਤ ਅਭਿਆਸ ਦੇ ਨਾਲ ਨਾਲ ਲੋਕਾਂ ਨੂੰ ਸਵਸਥ ਜੀਵਨ ਜਿਊਣ ਦੀ ਵੀ ਪ੍ਰੇਰਨਾ ਮਿਲ ਰਹੀ ਹੈ | ਨਿਰਮਲ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਸੰਗਰੂਰ ਸੀ.ਐਮ.ਦੀ ਯੋਗਸ਼ਾਲਾ ਦੇ ਬਾਰੇ ਦੱਸਦਿਆਂ ਹੋਇਆਂ ਕਿਹਾ ਹੈ ਕਿ ਇਹ ਪ੍ਰੋਜੈਕਟ ਸ਼ਹਿਰ ਅਤੇ ਪਿੰਡ ਨਿਵਾਸੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ | ਉਨ੍ਹਾਂ ਨੇ ਦੱਸਿਆ ਕਿ ਇਹ ਯੋਗਸ਼ਾਲਾ ਸੰਗਰੂਰ ਦੇ ਨਾਲ ਨਾਲ ਖਨੌਰੀ, ਸੁਨਾਮ, ਲਹਿਰਾ, ਦਿੜ੍ਹਬਾ, ਮੂਨਕ, ਭਵਾਨੀਗੜ੍ਹ ਅਤੇ ਧੂਰੀ ਵਿਚ ਵੀ ਚੱਲ ਰਹੀ ਹੈ | ਲੋਕਾਂ ਨੂੰ ਰੋਜ਼ਾਨਾ ਯੋਗ ਦਾ ਸੱਦਾ ਦਿੰਦੇ ਹੋਏ ਜ਼ਿਲ੍ਹਾ ਕੋਆਰਡੀਨੇਟਰ ਨੇ ਕਿਹਾ ਕਿ ਯੋਗ ਦਾ ਭਰਪੂਰ ਲਾਭ ਲੈਣ ਲਈ ਟੋਲ ਫ਼ਰੀ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ |