ਲਹਿਰਾਗਾਗਾ, 15 ਫਰਵਰੀ (ਅਸ਼ੋਕ ਗਰਗ)-ਡਾ. ਦੇਵ ਰਾਜ ਡੀ. ਏ. ਵੀ. ਸੀਨੀ. ਸੈਕੰ. ਪਬਲਿਕ ਸਕੂਲ ਖਾਈ ਲਹਿਰਾਗਾਗਾ 'ਚ ਸਿੱਖਿਆ ਗ੍ਰਹਿਣ ਕਰ ਰਹੇ ਵਿਦਿਆਰਥੀ ਹਰ ਖੇਤਰ ਵਿਚ ਅੱਗੇ ਆ ਰਹੇ ਹਨ ਤੇ ਸਕੂਲ ਪ੍ਰਬੰਧਕ ਵਿਦਿਆਰਥੀਆਂ ਦੇ ਭਵਿੱਖ ਨੂੰ ਰੁਸ਼ਨਾਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ | ਇਹ ਪ੍ਰਗਟਾਵਾ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਇਸ ਸਕੂਲ ਦੇ ਸਾਲਾਨਾ ਸਭਿਆਚਾਰਕ ਪ੍ਰੋਗਰਾਮ 'ਜਸ਼ਨ-ਏ-ਬਚਪਨ ਸਬਰੰਗ' ਦੌਰਾਨ ਇਕੱਤਰਿਤ ਹੋਏ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਆਖਿਆ ਕਿ ਮੈਨੂੰ ਸਕੂਲ ਦੇ ਹਰ ਖੇਡਾਂ, ਸੱਭਿਆਚਾਰਕ ਪ੍ਰੋਗਰਾਮਾਂ ਤੋਂ ਇਲਾਵਾ ਹੋਰ ਸਰਗਰਮੀਆਂ ਵਿਚ ਆਉਣ ਦਾ ਸਮੇਂ-ਸਮੇਂ ਮੌਕਾ ਮਿਲਦਾ ਰਹਿੰਦਾ ਹੈ | ਜਿਸ ਦੌਰਾਨ ਇਸ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਕਾਬਲੀਅਤ ਦਾ ਪਤਾ ਚੱਲਦਾ ਹੈ | ਸ. ਚੀਮਾ ਨੇ ਕਿਹਾ ਕਿ ਮੈਨੂੰ ਦੇਖ ਕੇ ਬੜੀ ਖ਼ੁਸ਼ੀ ਹੋਈ ਕਿ ਸਕੂਲ ਦੇ ਛੋਟੇ-ਛੋਟੇ ਬੱਚਿਆਂ ਨੂੰ ਵੀ ਸਕੂਲ ਅਧਿਆਪਕਾਂ ਵਲੋਂ ਪੂਰੀ ਤਰ੍ਹਾਂ ਟਰੇਡ ਕਰ ਕੇ ਆਪਣੀ ਪੇਸ਼ਕਾਰੀ ਲਈ ਮੰਚ 'ਤੇ ਮੌਕਾ ਪ੍ਰਦਾਨ ਕੀਤਾ ਹੈ | ਮੈਂ ਸਕੂਲ ਦੇ ਇਸ ਪ੍ਰੋਗਰਾਮ ਦੀ ਸਫਲਤਾ 'ਤੇ ਸਕੂਲ ਪਰਿਵਾਰ ਨੂੰ ਮੁਬਾਰਕਬਾਦ ਦਿੰਦਾ ਹਾਂ ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਦੀ ਤਰਫ਼ੋਂ ਨਗਰ ਕੌਂਸਲ ਦੀ ਪ੍ਰਧਾਨ ਮੈਡਮ ਕਾਂਤਾ ਗੋਇਲ ਨੇ ਕਿਹਾ ਕਿ ਇਸ ਸਕੂਲ ਦੇ ਸ਼ਹਿਰ ਦੇ ਹੀ ਨਹੀਂ ਸਗੋਂ ਆਸ-ਪਾਸ ਦੇ ਪੇਂਡੂ ਖੇਤਰ ਦੇ ਵਿਦਿਆਰਥੀ ਸਿੱਖਿਆ ਦੇ ਨਾਲ-ਨਾਲ ਹੋਰਨਾਂ ਖੇਤਰਾਂ ਵਿਚ ਵੀ ਨਾਮਣਾ ਖੱਟ ਕੇ ਸ਼ਹਿਰ ਦੇ ਨਾਂਅ ਨੂੰ ਚਾਰ ਚੰਨ ਲਾਉਂਦੇ ਆਏ ਹਨ | ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਹਲਕਾ ਲਹਿਰਾ ਦੇ ਇੰਚਾਰਜ ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ ਨੇ ਕਿਹਾ ਕਿ ਇਸ ਸਕੂਲ ਨੂੰ ਮੈਂ ਇਸ ਕਰ ਕੇ ਵੀ ਵਧੇਰੇ ਯਾਦ ਕਰਦਾ ਹਾਂ ਕਿਉਂਕਿ ਇਸ ਸਕੂਲ ਦੀ ਸ਼ੁਰੂਆਤੀ ਉਦਘਾਟਨ ਮੇਰੇ ਪਿਤਾ ਜਥੇਦਾਰ ਗਰਜਾ ਸਿੰਘ ਖੰਡੇਬਾਦ ਨੇ ਕੀਤਾ ਸੀ | ਪ੍ਰੋਗਰਾਮ ਦੌਰਾਨ ਸ. ਰਣਬੀਰ ਸਿੰਘ ਡੀ. ਐੱਸ. ਪੀ. ਲਹਿਰਾ ਨੇ ਕਿਹਾ ਕਿ ਮੈਨੂੰ ਅਨੇਕਾਂ ਵਾਰ ਸਕੂਲ ਦੇ ਵੱਖ-ਵੱਖ ਪ੍ਰੋਗਰਾਮਾਂ 'ਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ ਹੈ | ਇਸ ਸਮੇਂ ਸਕੂਲ ਪ੍ਰਬੰਧਕ ਪ੍ਰਵੀਨ ਖੋਖਰ, ਲੱਕੀ ਖੋਖਰ, ਐਡਵੋਕੇਟ ਅਨਿਰੁੱਧ ਕੌਸ਼ਲ ਅਤੇ ਪਿ੍ੰਸੀਪਲ ਦੇਵ ਪਰਾਸ਼ਰ ਆਦਿ ਨੇ ਸਕੂਲ ਦੀ ਲੇਖਾ-ਜੋਖਾ ਰਿਪੋਰਟ ਪੇਸ਼ ਕਰਨ ਦੇ ਨਾਲ-ਨਾਲ ਨਵੇਂ ਸੈਸ਼ਨ ਦੀ ਸਕੂਲ ਪਾਲਿਸੀ ਬਾਰੇ ਵੀ ਜਾਣੂੰ ਕਰਵਾਇਆ | ਉਨ੍ਹਾਂ ਕੈਬਨਿਟ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਤੇ ਐਡਵੋਕੇਟ ਬਰਿੰਦਰ ਗੋਇਲ ਦੇ ਨਾਲ-ਨਾਲ ਪਹੁੰਚੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦੇ ਨਾਲ-ਨਾਲ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਵਲੋਂ ਦਿੱਤੇ ਭਰਵੇਂ ਸਹਿਯੋਗ ਦਾ ਹੀ ਪਰਿਣਾਮ ਹੈ ਕਿ ਸਕੂਲ ਆਏ ਦਿਨ ਹੋਰ ਵੀ ਬੁਲੰਦੀਆਂ ਨੂੰ ਛੂਹ ਰਿਹਾ ਹੈ | ਸੱਭਿਆਚਾਰਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਭੰਗੜਾ, ਲੁੱਡੀ, ਗਿੱਧਾ, ਹਰਿਆਣਵੀਂ ਲੋਕ ਗੀਤ, ਹਿਮਾਚਲੀ ਲੋਕ ਗੀਤ, ਜਿੰਦੂਆ, ਸੂਫ਼ੀ ਗੀਤ, ਪੰਜਾਬੀ ਟੱਪੇ, ਪੰਜਾਬੀ ਲੋਕ ਗੀਤ, ਭੰਡ, ਝੂੰਮਰ, ਨਾਟਕ, ਕਵਿਤਾ, ਸਕਿੱਟ ਆਦਿ ਸਮੇਤ ਹੋਰ ਦਿਲ ਨੂੰ ਛੂਹ ਲੈਣ ਵਾਲੀਆਂ ਸੱਭਿਆਚਾਰਕ ਆਈਟਮਾਂ ਪੇਸ਼ ਕਰ ਕੇ ਸਰੋਤਿਆਂ ਦੇ ਮਨਾਂ ਨੂੰ ਤਰੋ-ਤਾਜ਼ਾ ਕੀਤਾ | ਇਸ ਸਮੇਂ ਮਾਰਕੀਟ ਕਮੇਟੀ ਲਹਿਰਾ ਦੇ ਚੇਅਰਮੈਨ ਸ਼ੀਸ਼ਪਾਲ ਅਨੰਦ, ਐਡਵੋਕੇਟ ਪ੍ਰੇਮਪਾਲ ਅਲੀਸ਼ੇਰ, ਪੂਰਨ ਸਿੰਘ ਖਾਈ, ਜਗਜੀਤ ਭੁਟਾਲ, ਰਾਮ ਚੰਦਰ ਖਾਈ, ਸਤਵੰਤ ਸਿੰਘ ਖੰਡੇਵਾਦ, ਬਲਦੀਪ ਸਿੰਘ ਸਰਪੰਚ ਖੋਖਰ ਖ਼ੁਰਦ, ਪਿ੍ੰਸੀਪਲ ਰਘਵੀਰ ਸਿੰਘ ਭੁਟਾਲ, ਬੁੱਧ ਸਿੰਘ ਪਟਵਾਰੀ, ਓਮ ਪ੍ਰਕਾਸ਼ ਸ਼ਰਮਾ, ਅਸ਼ੋਕ ਸ਼ਰਮਾ ਸੇਵਾ ਮੁਕਤ ਜੇ. ਈ. ਆਦਿ ਵੀ ਹਾਜ਼ਰ ਸਨ |