ਮਲੇਰਕੋਟਲਾ, 15 ਫਰਵਰੀ (ਸਰੌਦ, ਜੈਨ, ਥਿੰਦ)-ਪੰਜਾਬ ਦੇ ਰਿਆਸਤੀ ਸ਼ਹਿਰ ਮਲੇਰਕੋਟਲਾ ਵਿਖੇ ਸੂਬਾ ਸਰਕਾਰ ਵਲੋਂ ਕਰਵਾਇਆ ਤਿੰਨ ਰੋਜ਼ਾ ਸੂਫ਼ੀ ਮੇਲਾ 'ਵਿਰਾਸਤੀ ਮਹਿਕ' ਬਿਖੇਰ ਕੇ ਆਪਣੀਆਂ 'ਅਮਿਟ ਯਾਦਾਂ' ਛੱਡਦਾ ਹੋਇਆ ਸਮਾਪਤ ਹੋਇਆ | ਦੂਜੇ ਤੇ ਤੀਜੇ ਦਿਨ ਪ੍ਰਸਿੱਧ ਗਾਇਕ ਕੰਵਰ ਗਰੇਵਾਲ ਤੇ ਕਮਲ ਖ਼ਾਨ ਦੇ ਸਣੇ ਕਲਾਕਾਰ ਵਰਗ ਵਲੋਂ ਸੂਫ਼ੀਆਨਾ ਅੰਦਾਜ਼ ਵਿਚ ਬਾ-ਕਮਾਲ ਪੇਸ਼ਕਾਰੀ ਕਰਦਿਆਂ ਨਵੇਂ ਪੂਰ ਨੂੰ ਆਪਣੇ ਨਾਲ ਜੋੜਨ ਦੇ ਲਈ ਇਕ ਨਿਵੇਕਲੀ ਪਹਿਲ ਕੀਤੀ | ਸੂਫ਼ੀ ਤੇ ਪੰਜਾਬ ਸਖ਼ੀ ਸ਼ਕਤੀ ਮੇਲੇ ਦੌਰਾਨ ਮਹਿਲਾਵਾਂ ਵਲੋਂ ਤਿਆਰ ਕੀਤੇ ਹੱਥ-ਸ਼ਿਲਪ ਉਤਪਾਦ, ਰਵਾਇਤੀ ਪੁਸ਼ਾਕਾਂ, ਬਨਾਵਟੀ ਗਹਿਣੇ, ਜੈਵਿਕ ਉਤਪਾਦ ਤੇ ਹੋਰ ਸਥਾਨਕ ਕਾਰੀਗਰੀ ਦੇ ਕਲਾ ਨਮੂਨਿਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ | ਮੇਲੇ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਹਲਕਾ ਮਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਤੇ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਆਖਿਆ ਕਿ ਸਾਡੀ ਭਾਰਤੀ ਸੰਗੀਤ ਪਰੰਪਰਾ ਸਦੀਆਂ ਪੁਰਾਣੀ ਹੈ, ਪਰ ਅੱਜ ਦੀ ਨੌਜਵਾਨ ਪੀੜ੍ਹੀ ਇਸ ਤੋਂ ਦੂਰ ਹੋ ਰਹੀ ਹੈ ਇਸ ਲਈ ਸਾਡਾ ਫ਼ਰਜ਼ ਬਣਦਾ ਹੈ ਕਿ ਨੌਜਵਾਨ ਪੀੜੀ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਯਤਨ ਵਜੋਂ ਅਜਿਹੇ 'ਵਿਰਾਸਤੀ ਲਵਰੇਜ' ਸਮਾਗਮ ਕਰਵਾਏ ਜਾਣ | ਕੈਬਨਿਟ ਮੰਤਰੀ ਸੌਦ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਾਡੀ ਖ਼ਤਮ ਹੋ ਰਹੀ ਵਿਰਾਸਤ ਨੂੰ ਸਾਂਭਣ ਦੇ ਲਈ ਅਜਿਹੇ ਨਿਵੇਕਲੇ ਯਤਨ ਸ਼ੁਰੂ ਕੀਤੇ ਹਨ, ਜਿਸ ਦੀ ਸਿਫ਼ਤ ਕਰਨੀ ਬਣਦੀ ਹੈ | ਸੂਫ਼ੀ ਮੇਲੇ 'ਚ ਅਦਾਰਾ ਅਜੀਤ ਦੇ ਸੰਗਰੂਰ ਤੋਂ ਇੰਚਾਰਜ ਸ. ਸੁਖਵਿੰਦਰ ਸਿੰਘ ਫੁੱਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸੂਫ਼ੀ ਮੇਲੇ ਅੰਦਰ ਦੇਸ਼ ਦੇ ਹੋਰਨਾਂ ਰਾਜਾਂ ਤੋਂ ਸਵੈ-ਸਹਾਇਤਾ ਸਮੂਹਾਂ ਤੇ ਸ਼ਿਲਪ ਕਲਾਕਾਰਾਂ ਵਲੋਂ ਹੱਥੀਂ ਬਣੇ ਉਤਪਾਦਾਂ ਤੋਂ ਇਲਾਵਾ ਵੱਖ-ਵੱਖ ਨਮੂਨੇ ਉਪਲਬਧ ਕਰਵਾਏ ਗਏ | ਕਲਾਕਾਰ ਵਰਗ ਵਲੋਂ ਦੇਰ ਰਾਤ ਤੱਕ ਦਰਸ਼ਕਾਂ ਦਾ ਮਨੋਰੰਜਨ ਕੀਤਾ | ਜ਼ਿਲ੍ਹਾ ਮਲੇਰਕੋਟਲਾ ਤੋਂ ਇਲਾਵਾ ਨਾਲ ਲੱਗਦੇ ਇਲਾਕਿਆਂ ਤੋਂ ਹਜ਼ਾਰਾਂ ਦਰਸ਼ਕਾਂ ਨੇ ਸੂਫ਼ੀ ਮੇਲੇ 'ਚ ਸ਼ਿਰਕਤ ਕਰਦਿਆਂ ਆਨੰਦ ਮਾਣਿਆ | ਇਸ ਮੌਕੇ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ, ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ, ਬੀਬਾ ਫਰਿਆਲ ਰਹਿਮਾਨ, ਸੀਨੀਅਰ 'ਆਪ' ਆਗੂ ਕੁਲਵੰਤ ਸਿੰਘ ਗੱਜਣਮਾਜਰਾ, ਪੀ. ਏ. ਸਰਪੰਚ ਗੁਰਮੁਖ ਸਿੰਘ ਖਾਨਪੁਰ, ਚੇਅਰਮੈਨ ਇੰਦਰਜੀਤ ਸਿੰਘ ਮੁੰਡੇ, ਮੂਨਿਸ ਰਹਿਮਾਨ, ਪੀ. ਏ. ਅਵੀਜੋਤ ਸਿੰਘ ਨਾਗਰਾ, ਵਿਰਸਾ ਸੰਭਾਲ ਦਸਤਾਰੀ ਲਹਿਰ ਪ੍ਰਧਾਨ ਮਨਦੀਪ ਸਿੰਘ ਖੁਰਦ, ਮਨਜੀਤ ਸਿੰਘ ਸੋਹੀ, ਯਾਸਰ ਅਰਫਾਤ, ਅਬਦੁਲ ਸ਼ਕੂਰ ਕਿਲਾ, ਯਾਸ਼ੀਨ ਨੇਸਤੀ, ਜਸਵੀਰ ਸਿੰਘ ਜੱਸੀ, ਜਤਿੰਦਰ ਮੰਨਵੀਂ, ਸਾਜਨ ਅੰਸਾਰੀ, ਅਸ਼ਰਫ ਅਬਦੁੱਲਾ, ਨਾਨਕਦੀਪ ਸਿੰਘ, ਪ੍ਰਧਾਨ ਕਾਨੂੰਗੋ ਹਰਵੀਰ ਸਿੰਘ ਢੀਂਡਸਾ, ਪ੍ਰਧਾਨ ਦੀਦਾਰ ਸਿੰਘ ਪਟਵਾਰੀ, ਐਡਵੋਕੇਟ ਸੁਖਚੈਨ ਸਿੰਘ ਭੂਦਨ, ਪ੍ਰਧਾਨ ਸੰਤੋਖ ਸਿੰਘ ਦਸੌਧਾ ਸਿੰਘ ਵਾਲਾ, ਐਡਵੋਕੇਟ ਜ਼ਾਹਿਦ ਜੈਜੀ ਹਾਜ਼ਰ ਸਨ |