ਅਮਰਗੜ੍ਹ, 15 ਫਰਵਰੀ (ਜਤਿੰਦਰ ਮੰਨਵੀ)-ਕਿਸਾਨਾਂ ਤੇ ਆਉਣ ਵਾਲੀਆਂ ਨਸਲਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਹਲਕੇ 'ਚ ਨਹਿਰੀ ਪਾਣੀ ਨੂੰ ਹਰ ਖੇਤ ਤੱਕ ਪਹੁੰਚਾਉਣ ਲਈ ਪਾਈਪਲਾਈਨ ਵਿਛਾਉਣ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ ਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਇਸ ਇਤਿਹਾਸਕ ਕਦਮ 'ਚ ਸਮੂਹ ਕਿਸਾਨ ਭਰਾਵਾਂ ਨੂੰ ਸਿੰਚਾਈ ਵਿਭਾਗ ਦੀਆਂ ਟੀਮਾਂ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਇਹ ਵਿਕਾਸ ਕਾਰਜ ਬਿਨਾਂ ਕਿਸੇ ਰੁਕਾਵਟ ਦੇ ਨੇਪਰੇ ਚੜ੍ਹ ਸਕੇ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਅਮਰਗੜ੍ਹ ਤੋਂ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਪ੍ਰਾਜੈਕਟ ਸਿਰਫ਼ ਸਹੂਲਤ ਨਹੀਂ, ਸਗੋਂ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿਗਣਾ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ | ਇਸ ਗੰਭੀਰ ਸੰਕਟ ਨੂੰ ਰੋਕਣ ਲਈ ਨਹਿਰੀ ਪਾਣੀ ਨੂੰ ਸਿੰਚਾਈ ਦਾ ਮੁੱਖ ਸਰੋਤ ਬਣਾਉਣਾ ਬੇਹੱਦ ਲਾਜ਼ਮੀ ਹੈ | ਸਾਡੀ ਸਰਕਾਰ ਦਾ ਅਹਿਦ ਹੈ ਕਿ ਪੰਜਾਬ ਦੀ ਕਿਸਾਨੀ ਨੂੰ ਪਾਣੀ ਦੀ ਕਿੱਲਤ ਤੋਂ ਸਦਾ ਲਈ ਨਿਜਾਤ ਦਿਵਾਈ ਜਾਵੇ | ਵਿਧਾਇਕ ਨੇ ਬੜੀ ਸੰਵੇਦਨਸ਼ੀਲਤਾ ਨਾਲ ਮੰਨਿਆ ਕਿ ਕਈ ਥਾਵਾਂ ਤੇ ਖੜ੍ਹੀਆਂ ਫ਼ਸਲਾਂ 'ਚੋਂ ਪਾਈਪਲਾਈਨ ਲੰਘਣ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ, ਪਰ ਉਨ੍ਹਾਂ ਇਸ ਦੇ ਦੂਰ ਗਾਮੀ ਫ਼ਾਇਦੇ ਗਿਣਾਉਂਦਿਆਂ ਆਖਿਆ ਕਿ ਬੇਸ਼ੱਕ ਅੱਜ ਫ਼ਸਲ ਦਾ ਕੁੱਝ ਨੁਕਸਾਨ ਹੋ ਰਿਹਾ ਹੈ, ਪਰ ਇਹ ਪਾਈਪਲਾਈਨ ਕਿਸਾਨਾਂ ਨੂੰ ਜ਼ਿੰਦਗੀ ਭਰ ਲਈ ਪਾਣੀ ਦੀ ਸਮੱਸਿਆ ਤੋਂ ਮੁਕਤ ਕਰ ਦੇਵੇਗੀ | ਕਣਕ ਦੀ ਵਢਾਈ ਤੋਂ ਬਾਅਦ ਦਾ ਸਮਾਂ ਬਹੁਤ ਘੱਟ ਹੁੰਦਾ ਹੈ, ਜਿਸ 'ਚ ਪੂਰੇ ਹਲਕੇ ਦਾ ਕੰਮ ਮੁਕੰਮਲ ਕਰਨਾ ਸੰਭਵ ਨਹੀਂ ਹੈ | ਇਸ ਲਈ ਕੰਮ ਨੂੰ ਨਿਰੰਤਰ ਜਾਰੀ ਰੱਖਣਾ ਮਜਬੂਰੀ ਹੈ | ਉਨ੍ਹਾਂ ਕਿਸਾਨਾਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਅੱਜ ਦੀ ਮੁਸ਼ਕਲ, ਕੱਲ੍ਹ ਦੀ ਖ਼ੁਸ਼ਹਾਲੀ ਹੋਵੇਗੀ | ਕਿਸਾਨਾਂ ਦੇ ਹਿਤਾਂ ਦੀ ਰਾਖੀ ਦਾ ਭਰੋਸਾ ਦਿੰਦਿਆਂ ਪ੍ਰੋਫੈਸਰ ਗੱਜਣਮਾਜਰਾ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਦਾ ਇਸ ਪ੍ਰਕਿਰਿਆ ਦੌਰਾਨ ਜ਼ਿਆਦਾ ਨੁਕਸਾਨ ਹੋਇਆ ਹੈ, ਉਹ ਘਬਰਾਉਣ ਨਾ | ਉਹ ਆਪਣੇ ਨੁਕਸਾਨ ਦੀ ਭਰਪਾਈ ਲਈ ਡੀ. ਸੀ. ਮਲੇਰਕੋਟਲਾ ਨੂੰ ਮਿਲ ਕੇ ਉਚਿਤ ਮੁਆਵਜ਼ੇ ਦੀ ਮੰਗ ਕਰ ਸਕਦੇ ਹਨ | ਸਰਕਾਰ ਕਿਸਾਨਾਂ ਦੇ ਹਰ ਦੁੱਖ-ਸੁੱਖ 'ਚ ਉਨ੍ਹਾਂ ਦੇ ਨਾਲ ਖੜ੍ਹੀ ਹੈ |