ਮਸਤੂਆਣਾ ਸਾਹਿਬ, 19 ਫਰਵਰੀ (ਦਮਦਮੀ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਰਹਿਨੁਮਾਈ ਹੇਠ ਅਕਾਲ ਕਾਲਜ ਕੌਂਸਲ ਦੇ ਸਹਿਯੋਗ ਸਦਕਾ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਨੌਰਥ ਜ਼ੋਨ ਇੰਟਰ ਯੂਨੀਵਰਸਿਟੀ ਹੈਂਡਬਾਲ (ਮੈਨ) ਚੈਂਪੀਅਨਸ਼ਿਪ ਦੇ ਅੱਜ ਚੌਥੇ ਦਿਨ ਬੜੇ ਸਖ਼ਤ ਮੁਕਾਬਲੇ ਵੇਖਣ ਨੂੰ ਮਿਲੇ | ਇਸ ਵੱਕਾਰੀ ਹੈਂਡਬਾਲ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਭਲਕੇ ਖੇਡੇ ਜਾਣਗੇ | ਅੱਜ ਦੇ ਫਸਵੇਂ ਮੁਕਾਬਲਿਆਂ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਐਸ.ਪੀ. ਦਵਿੰਦਰ ਅੱਤਰੀ ਸ਼ਾਮਿਲ ਹੋਏ | ਖਿਡਾਰੀਆਂ ਦੇ ਰੂਬਰੂ ਹੁੰਦਿਆਂ ਉਨ੍ਹਾਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਜਿੱਥੇ ਆਪਣੇ ਨਿੱਜੀ ਖੇਡ ਜੀਵਨ ਦੇ ਤਜਰਬੇ ਸਾਂਝੇ ਕਰਕੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ, ਉੱਥੇ ਹੀ ਵਿਸ਼ਵ ਪੱਧਰ 'ਤੇ ਹੈਂਡਬਾਲ ਖੇਡ ਦੇ ਵਧਦੇ ਰੁਝਾਨ ਅਤੇ ਮੁਕਾਮ ਬਾਰੇ ਵੀ ਚਾਨਣਾ ਪਾਇਆ | ਖੇਡਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਡਾ. ਭੀਮਇੰਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ 'ਸਾਨੂੰ ਸਕੂਲ ਅਤੇ ਕਾਲਜ ਪੱਧਰ 'ਤੇ ਖੇਡਾਂ ਲਈ ਇੱਕ ਮਜ਼ਬੂਤ ਢਾਂਚਾ ਤਿਆਰ ਕਰਨਾ ਚਾਹੀਦਾ ਹੈ, ਤਾਂ ਜੋ ਉੱਭਰਦੇ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ |' ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਐਸ.ਪੀ. ਸ੍ਰੀ ਦਵਿੰਦਰ ਅੱਤਰੀ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਸ਼ਾਨਦਾਰ ਖੇਡ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਲਈ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਵੱਲੋਂ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਪਹੁੰਚੇ ਮਹਿਮਾਨਾਂ ਨੂੰ ਕੌਂਸਲ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ | ਸਨਮਾਨ ਕਰਨ ਮੌਕੇ ਅਕਾਲ ਕਾਲਜ ਕੌਂਸਲ ਦੇ ਮੁੱਖ ਪ੍ਰਬੰਧਕ ਕੈਪਟਨ ਭੁਪਿੰਦਰ ਸਿੰਘ ਪੂਨੀਆ, ਸਕੱਤਰ ਜਸਵੰਤ ਸਿੰਘ ਖਹਿਰਾ, ਸੀਨੀਅਰ ਮੈਂਬਰ ਜਥੇਦਾਰ ਬਲਦੇਵ ਸਿੰਘ ਭੰਮਾਵੱਦੀ, ਗੁਰਜੰਟ ਸਿੰਘ ਦੁੱਗਾਂ, ਐਡਵੋਕੇਟ ਮਨਜੀਤ ਸਿੰਘ ਬਾਲੀਆਂ, ਡਾ. ਗੀਤਾ ਠਾਕਰ, ਪਿ੍ੰਸੀਪਲ ਵਿਜੇ ਪਲਾਹਾ, ਸੁਧਾਖਰ ਮੁਗਮ (ਆਬਜ਼ਰਵਰ), ਡਾ ਗੁਰਸ਼ਰਨ ਸਿੰਘ ਗਿੱਲ ਡਾਇਰੈਕਟਰ ਏ.ਆਈ.ਜੀ, ਡਾ. ਜਤਿੰਦਰ ਦੇਵ, ਪ੍ਰੋ. ਰਣਧੀਰ ਸ਼ਰਮਾ, ਪ੍ਰੋ. ਸੋਹਨਦੀਪ ਸਿੰਘ ਜੁਗਨੂੰ, ਡਾ. ਸੁਖਜੀਤ ਸਿੰਘ ਘੁਮਾਣ ਸਮੇਤ ਫਿਜ਼ੀਕਲ ਐਜੂਕੇਸ਼ਨ ਕਾਲਜ ਅਤੇ ਸਮੂਹ ਸਟਾਫ਼ ਮੌਜੂਦ ਸਨ | ਇਸ ਮੌਕੇ ਹੋਏ ਸਖ਼ਤ ਮੁਕਾਬਲਿਆਂ ਦੌਰਾਨ ਸਵੇਰ ਦੇ ਸੈਸ਼ਨ ਵਿਚ ਹਿਮਾਚਲ ਯੂਨੀਵਰਸਿਟੀ ਸ਼ਿਮਲਾ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਨੂੰ 24-23 ਦੇ ਫ਼ਰਕ ਨਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 22-20 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਇਸੇ ਤਰ੍ਹਾਂ ਸ਼ਾਮ ਦੇ ਸੈਸ਼ਨ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਨੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ ਨੂੰ 18-16 ਦੇ ਫ਼ਰਕ ਨਾਲ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 24-22 ਨਾਲ ਹਰਾ ਕੇ ਜਿੱਤਾਂ ਪ੍ਰਾਪਤ ਕੀਤੀਆਂ |