ਮਲੇਰਕੋਟਲਾ, 18 ਫਰਵਰੀ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) - ਬਜ਼ਮ ਏ ਅਹਿਲੇ ਸੁਖਨ ਮਲੇਰਕੋਟਲਾ ਦੇ ਪ੍ਰਧਾਨ ਮੁਕੱਰਮ ਸੈਫੀ, ਕੈਸ਼ੀਅਰ ਡਾ. ਸੰਦੀਪ ਕੁਮਾਰ ਅਤੇ ਜਨਰਲ ਸਕੱਤਰ ਮੁਹੰਮਦ ਇਫ਼ਤਿਖ਼ਾਰ ਨੇ ਵਿਧਾਇਕ ਡਾਕਟਰ ਜਮੀਲ ਓਰ ਰਹਿਮਾਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਂ ਇੱਕ ਬੇਨਤੀ ਪੱਤਰ ਦਿੱਤਾ | ਜਿਸ ਵਿਚ ਉਨ੍ਹਾਂ ਮੁੱਖ ਮੰਤਰੀ ਪੰਜਾਬ ਅਤੇ ਵਿਧਾਇਕ ਜਮੀਲ ਓਰ ਰਹਿਮਾਨ ਨੂੰ ਸੂਫ਼ੀ ਫ਼ੈਸਟੀਵਲ ਦੀ ਕਾਮਯਾਬੀ ਲਈ ਮੁਬਾਰਕਬਾਦ ਪੇਸ਼ ਕਰਦਿਆਂ ਬੇਨਤੀ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਇਸ ਫ਼ੈਸਟੀਵਲ ਵਿਚ ਉਰਦੂ ਮੁਸ਼ਾਇਰੇ ਨੂੰ ਮੁੱਖ ਭਾਗ ਬਣਾਇਆ ਜਾਵੇ, ਤਾਂ ਜੋ ਸਾਡੀ ਵਿਰਾਸਤ ਦੀ ਰੱਖਿਆ ਹੋਵੇ, ਨਵੀਂ ਪੀੜ੍ਹੀ ਤੱਕ ਇਸ ਦੀ ਮਹੱਤਤਾ ਪਹੁੰਚੇ ਅਤੇ ਭਾਈਚਾਰੇ ਦੀ ਭਾਵਨਾ ਨੂੰ ਬਲ ਮਿਲੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਦੂਜੀ ਵਾਰੀ ਮਲੇਰਕੋਟਲਾ ਦੀ ਪਵਿੱਤਰ ਧਰਤੀ ਤੇ ਸੂਫ਼ੀ ਫ਼ੈਸਟੀਵਲ ਦਾ ਆਯੋਜਨ ਕੀਤਾ ਗਿਆ ਜਿਸ ਦਾ ਲੋਕਾਂ ਨੇ ਬਹੁਤ ਆਨੰਦ ਮਾਣਿਆ | ਉਨ੍ਹਾਂ ਕਿਹਾ ਕਿ ਪਿਛਲੇ ਸੂਫ਼ੀ ਫ਼ੈਸਟੀਵਲ ਵਿਚ ਉਰਦੂ ਮੁਸ਼ਾਇਰੇ ਦਾ ਆਯੋਜਨ ਕੀਤਾ ਗਿਆ ਸੀ ਜਿਸ ਦਾ ਇੱਕ ਚੰਗਾ ਮੈਸੇਜ ਗਿਆ ਸੀ ਪ੍ਰੰਤੂ ਇਸ ਵਾਰ ਇਸ ਫ਼ੈਸਟੀਵਲ ਵਿਚ ਉਰਦੂ ਮੁਸ਼ਾਹਰੇ ਨੂੰ ਥਾਂ ਨਹੀਂ ਦਿੱਤੀ ਗਈ | ਉਨ੍ਹਾਂ ਮੰਗ ਕੀਤੀ ਹੈ ਕਿ ਅਗਲੇ ਸਾਲ ਇਸ ਫ਼ੈਸਟੀਵਲ ਵਿਚ ਉਰਦੂ ਮੁਸ਼ਾਇਰੇ ਨੂੰ ਮੁੱਖ ਭਾਗ ਬਣਾਇਆ ਜਾਵੇ |