ਸੰਗਰੂਰ, 28 ਫਰਵਰੀ (ਧੀਰਜ ਪਸ਼ੌਰੀਆ) - ਸਖ਼ਤ ਮਿਹਨਤ ਅਤੇ ਦਿ੍ੜ੍ਹ ਨਿਸਚਾ ਅਸੰਭਵ ਨੰੂ ਵੀ ਸੰਭਵ ਬਣਾ ਦਿੰਦਾ ਹੈ, ਇਹੀ ਕੁੱਝ ਕਰ ਵਿਖਾਇਆ ਹੈ ਜ਼ਿਲ੍ਹਾ ਸੰਗਰੂਰ ਦੇ ਪਿੰਡ ਰਾਏਧਰਾਨਾ ਦੇ ਉੱਦਮੀ ਕਿਸਾਨ ਅਮਨਿੰਦਰ ਸਿੰਘ ਉਰਫ਼ ਮਨੀ ਵੀਰ ਨੇ | ਅਗਾਂਹਵਧੂ ਅਤੇ ਖ਼ੋਜੀ ਤਬੀਅਤ ਦੇ ਮਾਲਕ, ਫਾਰਮ -77 ਰਾਏਧਰਾਨਾ ਦੇ ਸੰਸਥਾਪਕ ਅਮਨਿੰਦਰ ਸਿੰਘ ਮਨੀ ਵੀਰ ਨੰੂ ਇੰਡੀਅਨ ਕੌਂਸਲ ਫ਼ਾਰ ਐਗਰੀਕਲਚਰ ਰਿਸਰਚ ਵੱਲੋਂ ਨਵੀਂ ਦਿੱਲੀ ਵਿਖੇ 25 ਤੋਂ 27 ਫਰਵਰੀ ਤੱਕ ਹੋਏ ਖੇਤੀ ਵਿਗਿਆਨ ਮੇਲੇ ਦੌਰਾਨ ਵਕਾਰੀ 'ਇਨੋਵੇਟਿਵ ਫਾਰਮਰ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ, ਜੋ ਜ਼ਿਲ੍ਹਾ ਸੰਗਰੂਰ ਲਈ ਮਾਣ ਵਾਲੀ ਗੱਲ ਹੈ | ਅਗਾਂਹਵਧੂ ਅਤੇ ਮਿਹਨਤੀ ਇਸ ਕਿਸਾਨ ਨੇ ਸਮੇਂ ਦੀ ਨਬਜ਼ ਨੰੂ ਪਛਾਣਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀ ਵਿਗਿਆਨ ਕੇਂਦਰ, ਸੰਗਰੂਰ ਦੇ ਖੇਤੀਬਾੜੀ ਮਾਹਿਰਾਂ ਦੀ ਅਗਵਾਈ ਵਿੱਚ ਸਬਜ਼ੀਆਂ ਦੀ ਪਨੀਰੀ ਅਤੇ ਮੰਡੀਕਰਨ ਦੇ ਆਧੁਨਿਕ ਤੌਰ ਤਰੀਕੇ ਆਪਣਾ ਕੇ ਖ਼ੂਬ ਨਮਾਣਾ ਖੱਟਿਆ ਹੈ | ਹੁਣ ਉਸ ਨੇ ਆਪਣੇ ਫਾਰਮ ਮਨੀ 'ਫਾਰਮ-77' ਤੇ ਖ਼ੂਬਸੂਰਤ ਆਉਟਲੈਟ ਖੋਲਿ੍ਹਆ ਹੋਇਆ ਹੈ | ਇੱਥੇ ਕਿਸਾਨ ਖ਼ੁਦ ਆ ਕੇ ਪਨੀਰੀ, ਬੀਜ ਕਿੱਟਾਂ ਅਤੇ ਖੇਤੀ ਸੰਬੰਧੀ ਹੋਰ ਸਮਾਨ ਖ਼ਰੀਦਦੇ ਹਨ, ਜਦ ਕਿ ਆਮ ਲੋਕ ਉੱਥੋਂ ਬੂਟਿਆਂ, ਹਲਦੀ ਪਾਊਡਰ, ਗੁੜ੍ਹ ਸ਼ੱਕਰ, ਖੁੰਭਾਂ ਆਦਿ ਖ਼ਰੀਦਦੇ ਹਨ | ਅਮਨਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਗਾਹਕਾਂ ਨੰੂ ਫਾਰਮ ਤੱਕ ਲਿਆਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ | ਉਨ੍ਹਾਂ ਦੱਸਿਆ ਕਿ 10 ਏਕੜ ਵਿਚ ਖੇਤੀ ਕਰ ਕੇ ਉਹ ਇਸ ਤਰ੍ਹਾਂ 2 ਲੱਖ ਪ੍ਰਤੀ ਏਕੜ ਬੱਚਤ ਕਰ ਰਹੇ ਹਨ | ਖੇਤੀ ਵਿਗਿਆਨ ਕੇਂਦਰ ਖੇੜੀ ਸੰਗਰੂਰ ਦੇ ਇੰਚਾਰਜ ਡਾ: ਮਨਦੀਪ ਸਿੰਘ ਨੇ ਦੱਸਿਆ ਕਿ ਇਹ ਅਗਾਂਹਵਧੂ ਕਿਸਾਨ ਫ਼ਸਲੀ ਵਿਭਿੰਨਤਾ ਦੀ ਵੱਖਰੀ ਸੋਚ ਅਪਣਾ ਆਪਣੇ ਫਾਰਮ ਨੰੂ ਹੀ ਯੂਨੀਵਰਸਿਟੀ ਬਣਾਈ ਬੈਠਾ ਹੈ | ਬਹੁਰੰਗੀ, ਬਹੁਮੰਤਵੀ ਖੇਤੀ ਤਹਿਤ ਬਹੁਤ ਸਾਰੇ ਲੋਕਾਂ ਨੰੂ ਰੁਜ਼ਗਾਰ ਦੇ ਰਿਹਾ ਇਹ ਕਿਸਾਨ ਆਪਣੇ ਉਤਪਾਦ ਐਮ.ਐਸ.ਪੀ. 'ਤੇ ਨਹੀਂ ਬਲਕਿ ਐਮ.ਆਰ.ਪੀ. 'ਤੇ ਵੇਚ ਰਿਹਾ ਹੈ | ਹੋਰ ਕਿਸਾਨਾਂ ਲਈ ਰਾਹ ਦਸੇਰਾ ਬਣ ਰਿਹਾ ਇਹ ਕਿਸਾਨ ਆਪਣੇ ਤਜਰਬੇ ਹੋਰ ਕਿਸਾਨਾਂ ਨਾਲ ਸਾਂਝੇ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਹੈ |
ਜ਼ਿਲ੍ਹਾ ਸੰਗਰੂਰ ਦਾ ਉੱਦਮੀ ਕਿਸਾਨ ਅਮਨਿੰਦਰ ਸਿੰਘ ਮਨੀ 'ਇਨੋਵੇਟਿਵ ਫਾਰਮਰ' ਐਵਾਰਡ ਨਾਲ ਸਨਮਾਨਿਤ <br/>
ਅਜੀਤ ਡੈਸਕ
01-03-2026