ਮਲੇਰਕੋਟਲਾ, 28 ਫ਼ਰਵਰੀ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਦੇ ਮਸ਼ਹੂਰ ਸੂਫ਼ੀ ਗਾਇਕ ਖ਼ਾਨ ਸਾਬ ਆਪਣੇ ਭਰਾ ਮੁਹੰਮਦ ਮੁਸ਼ਤਾਕ, ਸ਼ੇਮਸ਼ ਕਲੀਮ, ਇਮਰਾਨ ਸ਼ੇਖ ਸਮੇਤ ਰਮਜ਼ਾਨ-ਉਲ-ਮੁਬਾਰਕ ਯਾਨੀਕਿ ਰੋਜ਼ਿਆਂ ਦੇ ਪਵਿੱਤਰ ਮਹੀਨੇ 'ਚ 12 ਦਿਨਾਂ ਦੀ ਧਾਰਮਿਕ ਯਾਤਰਾ 'ਤੇ ਸਾਊਦੀ ਅਰਬ ਵਿਖੇ ਇਸਲਾਮ ਧਰਮ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਖ਼ਾਨਾ-ਏ-ਕਾਅਬਾ (ਰੱਬ ਦਾ ਘਰ) ਜੋ ਕਿ ਸ਼ਹਿਰ ਮੱਕਾ ਸ਼ਰੀਫ਼ ਵਿਖੇ ਸਥਿਤ ਹੈ 'ਚ ਉਮਰਾ ਕਰਨ ਲਈ ਪੁੱਜੇ ਹੋਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਸੂਫ਼ੀ ਗਾਇਕ ਖ਼ਾਨ ਸਾਬ ਨੇ ਆਪਣੇ ਸਾਥੀਆਂ ਸਮੇਤ ਉਮਰਾ ਕਰ ਲਿਆ ਹੈ ਅਤੇ ਮੁਕੱਦਸ ਸ਼ਹਿਰ ਮਦੀਨਾ ਸ਼ਰੀਫ਼ ਵਿਖੇ ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਰੋਜ਼ਾ-ਏ-ਮੁਬਾਰਕ ਤੋਂ ਇਲਾਵਾ ਉਹ ਮੱਕਾ ਸ਼ਰੀਫ਼ ਅਤੇ ਮਦੀਨਾ ਸ਼ਰੀਫ਼ ਵਿਚ ਧਾਰਮਿਕ ਇਤਿਹਾਸਕ ਸਥਾਨਾਂ ਦੀਆਂ ਜ਼ਿਆਰਤਾਂ ਵੀ ਕਰਨਗੇ | ਉਪਰੋਕਤ ਜਾਣਕਾਰੀ ਸ਼ੇਮਸ਼ ਕਲੀਮ ਨੇ ਅਜੀਤ ਨੂੰ ਦਿੱਤੀ | ਉੱਧਰ ਸੂਫ਼ੀ ਗਾਇਕ ਖ਼ਾਨ ਸਾਬ ਨੇ ਆਪਣੇ ਪ੍ਰਸੰਸਕਾਂ ਤੋਂ ਦੇਰੀ ਲਈ ਮੁਆਫ਼ੀ ਮੰਗਦਿਆਂ ਆਪਣੇ ਇੰਸਟਾਗ੍ਰਾਮ ਪੇਜ ਤੇ ਜੁਮੇ ਦੀ ਮੁਬਾਰਕਬਾਦ ਦਿੰਦਿਆਂ ਲਿਖਿਆ ਹੈ ਕਿ ਅੱਜ ਉਹ ਬਹੁਤ ਖ਼ੁਸ਼ ਹਨ, ਸਕੂਨ 'ਚ ਹਨ, ਆਪਣੇ ਮਾਂ-ਬਾਪ ਤੋਂ ਬਾਅਦ ਤੇ ਵਜਾ ਇਹ ਹੈ ਕਿ ਮੇਰੀ ਜ਼ਿੰਦਗੀ ਦਾ ਅੱਜ ਸਭ ਤੋਂ ਵੱਡਾ ਦਿਨ ਹੈ | ਉਨ੍ਹਾਂ ਰੱਬ ਦਾ ਸ਼ੁਕਰਾਨਾ ਕਰਦਿਆਂ ਲਿਖਿਆ ਹੈ ਕਿ ਉਸ ਨੇ ਮੈਨੂੰ ਆਪਣੇ ਘਰ ਬੁਲਾਕੇ ਉਮਰਾ ਕਰਨ ਦੀ ਤੌਫ਼ੀਕ ਅਤਾ ਫਰਮਾਈ ਅਤੇ ਅੱਲ੍ਹਾ ਪਾਕ ਸਭ ਮੁਸਲਮਾਨ ਭੈਣਾਂ-ਭਾਈਆਂ ਨੂੰ ਉਮਰਾ ਕਰਨ ਦੀ ਤੋਫ਼ੀਕ ਅਤਾ ਫਰਮਾਏ ਆਮੀਨ |