ਮਲੇਰਕੋਟਲਾ, 28 ਫ਼ਰਵਰੀ (ਮੁਹੰਮਦ ਹਨੀਫ਼ ਥਿੰਦ) - ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ-2027 ਦਾ ਸਮਾਂ ਨੇੜੇ ਆ ਰਿਹਾ ਹੈ, ਓਵੇਂ-ਓਵੇਂ ਹੀ ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਵਿਅਕਤੀ ਇੱਕ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਹਨ | ਇਸੇ ਤਰਾਂ ਹੀ ਅੱਜ ਮਲੇਰਕੋਟਲਾ ਵਿਖੇ ਆਮ ਆਦਮੀ ਪਾਰਟੀ ਦੇ ਨੱਕ ਦਾ ਵਾਲ ਸਮਝੇ ਜਾਂਦੇ ਨੌਜਵਾਨ ਆਗੂ ਹੈਰੀ ਸ਼ਰਮਾ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਹੈਰੀ ਸ਼ਰਮਾ ਨੇ ਉਚੇਚੇ ਤੌਰ ਤੇ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਈ ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਸਨ, ਪਰੰਤੂ ਕਈ ਸਾਲ ਬੀਤ ਜਾਣ ਉਪਰੰਤ ਵੀ ਉਨ੍ਹਾਂ ਨੂੰ ਮਲੇਰਕੋਟਲਾ ਦੀ ਲੋਕਲ ਲੀਡਰਸ਼ਿਪ ਵਲੋਂ ਕਿਸੇ ਵੀ ਤਰ੍ਹਾਂ ਦਾ ਮਾਣ-ਸਨਮਾਨ ਨਹੀਂ ਦਿੱਤਾ ਗਿਆ, ਬਲਕਿ ਕਈ ਸਾਲ ਤੱਕ ਉਹ ਆਮ ਆਦਮੀ ਪਾਰਟੀ ਵਿਚ ਆਪਣੇ ਆਪ ਨੂੰ ਘੁੱਟਣ ਮਹਿਸੂਸ ਹੀ ਕਰਦੇ ਰਹੇ | ਇਸ ਲਈ ਅੱਜ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਸਦਾ ਲਈ ਅਲਵਿਦਾ ਆਖ ਕੇ ਭਾਜਪਾ ਵਿਚ ਮੁੜ ਸ਼ਾਮਿਲ ਹੋਣ ਦਾ ਐਲਾਨ ਕਰਕੇ ਭਾਜਪਾ 'ਚ ਘਰ ਵਾਪਸੀ ਕੀਤੀ ਹੈ | ਇਸ ਮੌਕੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਵਿਜੇ ਸ਼ਰਮਾ ਮੋਗਾ, ਐੱਸ.ਕੇ.ਦੇਵ ਪਟਿਆਲਾ ਅਤੇ ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਵਲੋਂ ਹੈਰੀ ਸ਼ਰਮਾ ਨੂੰ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ 'ਚ ਮੁੜ ਸ਼ਾਮਿਲ ਹੋਣ ਤੇ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦੇਣ ਦਾ ਵਾਧਾ ਕਰਦਿਆਂ ਮੁਬਾਰਕਬਾਦ ਦਿੱਤੀ | ਇਸ ਮੌਕੇ ਭਾਜਪਾ ਦੇ ਸਾਰੇ ਸਰਕਲ ਪ੍ਰਧਾਨ ਮੌਜੂਦ ਸਨ |