ਮੂਨਕ, 28 ਫਰਵਰੀ (ਮਦਾਨ) - ਇੱਕ ਪਾਸੇ ਜਿੱਥੇ ਸਰਕਾਰ ਵਲੋਂ ਖੇਤੀ, ਕਿਸਾਨੀ ਅਤੇ ਪੰਜਾਬ ਨੂੰ ਪ੍ਰਫੁੱਲਿਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਹਰ ਬਣਦੀ ਸਹੂਲਤ ਸਥਾਨਕ ਸ਼ਹਿਰਾਂ ਤੇ ਪਿੰਡਾਂ ਵਿਚ ਦੇਣ ਦੀ ਗੱਲ ਕਹੀ ਜਾ ਰਹੀ ਹੈ | ਉਥੇ ਹੀ ਕਈ ਸਰਕਾਰੀ ਇਮਾਰਤਾਂ ਦੀ ਮੁਕੰਮਲ ਦੇਖ ਰੇਖ ਨਾ ਹੋਣ ਕਾਰਨ ਹੌਲੀ ਹੌਲੀ ਖੰਡਰਾਂ ਦਾ ਰੂਪ ਧਾਰਨ ਕਰ ਰਹੀਆਂ ਹਨ | ਕਿਸਾਨਾਂ ਦੀ ਫ਼ਸਲ ਖ਼ਰੀਦ ਕਰਨ ਲਈ ਬਣਾਏ ਕੇਂਦਰ ਦੇਹਲਾ ਭੁਟਾਲ ਸੈਂਟਰ 'ਤੇ ਮੰਡੀ ਬੋਰਡ ਵਲੋਂ ਬਣਾਏ ਗਏ ਸਮਿੰਟਡ ਸ਼ੈਡ ਦੀ ਹਾਲਤ ਬਹੁਤ ਖ਼ਰਾਬ ਹੈ ਖਸਤਾ ਹੋ ਗਈ ਹੈ | ਸ਼ੈਡ ਦੇ ਪਿੱਲਰਾਂ ਵਿਚੋਂ ਸਮਿੰਟ ਬਜਰੀ ਉਤਰ ਗਈ ਹੈ ਅਤੇ ਸਿਰਫ਼ ਸਰੀਆਂ ਦੇ ਸਹਾਰੇ ਤੇ ਖੜ੍ਹਾ ਹੈ | ਇਸ ਸਥਿਤੀ ਵਿਚ, ਹਨੇਰੀ ਝੱਖੜ ਵਿਚ ਕਿਸੇ ਵੀ ਸਮੇਂ ਇਹ ਸਮਿੰਟਡ ਛੱਤ ਵਾਲਾ ਸ਼ੈਡ ਡਿਗ ਸਕਦਾ ਹੈ, ਹਾਦਸਾ ਵਾਪਰ ਸਕਦਾ ਹੈ | ਜਿਸ ਨਾਲ ਕਿਸੇ ਦੀ ਜਾਨ ਜੋਖ਼ਮ ਵਿਚ ਪੈ ਸਕਦੀ ਹੈ | ਇਸ ਇਮਾਰਤ ਦੀ ਹਾਲਤ ਦੇਖ ਕੇ | ਸਰਕਾਰ ਦੇ ਵਿਕਾਸ ਕਾਰਜਾਂ ਤੇ ਪ੍ਰਸ਼ਨ ਚਿੰਨ੍ਹ ਲੱਗਿਆ ਨਜ਼ਰ ਆਉਦਾਂ ਹੈ | ਇਨ੍ਹਾਂ ਦੋਨਾਂ ਪਿੰਡਾ ਦੇ ਲੋਕਾਂ ਅਤੇ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਇਸ ਸ਼ੈਡ ਨੂੰ ਅਸੁਰੱਖਿਅਤ ਐਲਾਨ ਕਰਕੇ ਢਾਅ ਦਿੱਤਾ ਜਾਵੇ ਤਾਂ ਜੋ ਕੋਈ ਜਾਨੀ ਨੁਕਸਾਨ ਨਾ ਹੋਵੇ | ਪ੍ਰਸ਼ਾਸਨ ਨੂੰ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਸਥਾਨਕ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ | ਉਨ੍ਹਾਂ ਨਵੇਂ ਸਿਰੇ ਤੋਂ ਲੋਕਾਂ ਦੀ ਸਹੂਲਤ ਲਈ ਸ਼ੈਡ ਬਣਾਉਣ ਦੀ ਮੰਗ ਕੀਤੀ ਹੈ | ਇਸ ਬਿਲਡਿੰਗ ਦਾ ਪੱਖ ਜਾਣਨ ਲਈ ਜਦੋਂ ਸੰਬੰਧਿਤ ਵਿਭਾਗ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਹੀਂ ਹੋ ਸਕਿਆ |