ਸੰਗਰੂਰ, 1 ਮਾਰਚ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਅੱਜ ਸਥਾਨਕ ਗੁਰਦੁਆਰਾ ਨਵਾਂ ਮਸਤੂਆਣਾ ਸਾਹਿਬ ਵਿਖੇ ਹੋਈ ਜਿਸ ਦੀ ਅਗਵਾਈ ਬਲਾਕ ਪ੍ਰਧਾਨ ਰਣਜੀਤ ਸਿੰਘ ਲੌਂਗੋਵਾਲ ਅਤੇ ਜਨਰਲ ਸਕੱਤਰ ਜਗਤਾਰ ਸਿੰਘ ਲੱਡੀ ਨੇ ਕੀਤੀ 18 ਫਰਵਰੀ ਨੂੰ ਬਠਿੰਡਾ ਦੇ ਡੀ.ਸੀ ਦਫ਼ਤਰ ਅੱਗੇ ਇੱਕ ਦਿਨ ਦਾ ਧਰਨਾ ਲਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪ੍ਰੋਗਰਾਮ ਦਿੱਤਾ ਹੋਇਆ ਸੀ ਅਤੇ ਐੱਸ.ਐੱਸ.ਪੀ. ਬਠਿੰਡਾ ਵੱਲੋਂ ਉਸ ਦਿਨ ਜੋ ਕਾਰਵਾਈ ਕੀਤੀ ਗਈ ਹੈ ਉਹ ਬਹੁਤ ਮਾੜੀ ਸੀ | ਇੱਕ ਕਿਸਾਨ ਦੀ ਲੱਤ ਤੋੜ ਦਿੱਤੀ ਅਤੇ ਇੱਕ ਨੌਜਵਾਨ ਦਾ ਹੱਥ ਅੱਥਰੂ ਗੈੱਸ ਦੇ ਗੋਲੇ ਨਾਲ ਪਾੜ ਦਿੱਤਾ | ਐੱਸ.ਐੱਸ.ਪੀ. ਉੱਤੇ ਬਣਦੀ ਕਾਰਵਾਈ ਲਈ 6 ਮਾਰਚ ਨੂੰ ਵੱਡਾ ਇਕੱਠ ਜਥੇਬੰਦੀਆਂ ਵੱਲੋਂ ਸੱਦਿਆ ਗਿਆ ਹੈ | ਆਗੂਆਂ ਨੇ ਕਿਹਾ ਕਿ ਐੱਸ. ਐੱਸ. ਪੀ. ਬਠਿੰਡਾ ਜੋਤੀ ਯਾਦਵ ਨੂੰ ਆਪਣੇ ਪਤੀ ਮੰਤਰੀ ਹਰਜੋਤ ਬੈਂਸ ਦੀ ਸਿਆਸੀ ਤਾਕਤ ਦਾ ਨਸਾ ਚੜਿ੍ਹਆ ਹੋਇਆ ਹੈ ਜਿਸ ਦੇ ਚੱਲਦਿਆਂ ਐੱਸ.ਐੱਸ.ਪੀ. ਨੇ ਪਿੰਡ ਵਿੱਚ ਵੜ ਕੇ ਕਿਸਾਨਾਂ ਮਜ਼ਦੂਰਾਂ ਦੇ ਘਰਾਂ ਉੱਪਰ ਅੱਥਰੂ ਗੈੱਸ ਦੇ ਗੋਲੇ ਸੁੱਟ ਕੇ ਲੋਕਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਦੀ ਸਖਤ ਸ਼ਬਦਾਂ ਵਿੱਚ ਜਥੇਬੰਦੀਆਂ ਨਿਖੇਧੀ ਕਰਦੀਆਂ ਹਨ | ਮੀਟਿੰਗ ਵਿੱਚ ਬਲਾਕ ਆਗੂ ਚਮਕੌਰ ਸਿੰਘ ਲੱਡੀ, ਬੂਟਾ ਲੌਂਗੋਵਾਲ, ਕਰਮਜੀਤ ਮੰਡੇਰ ਅਤੇ ਸੁਖਦੇਵ ਸਿੰਘ ਛੰਨਾ ਸਮੇਤ ਪਿੰਡ ਇਕਾਈਆਂ ਦੇ ਪ੍ਰਧਾਨ-ਸਕੱਤਰ ਵੀ ਸ਼ਾਮਲ ਹੋਏ ਜਿਨ੍ਹਾਂ ਸਾਰਿਆਂ ਨੇ ਵੱਡੀ ਗਿਣਤੀ ਵਿੱਚ ਜਾਣ ਦਾ ਫੈਸਲਾ ਕੀਤਾ ਅਤੇ ਕਿਹਾ ਕਿ 6 ਮਾਰਚ ਨੂੰ ਬਠਿੰਡੇ ਵੱਲ ਬੱਸਾਂ ਭਰ ਕੇ ਰਵਾਨਾ ਕੀਤੀਆਂ ਜਾਣਗੀਆਂ |