ਬਰਨਾਲਾ, 29 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹੇ ਦੇ ਪਿੰਡ ਫਰਵਾਹੀ ਵਿਚ ਉੱਚਾ ਚੁੱਕੇ ਜਾ ਰਹੇ ਮਕਾਨ ਦੇ ਢਹਿਣ ਕਰ ਕੇ ਥੱਲੇ ਆ ਜਾਣ ਕਰਕੇ ਤਿੰਨ ਮਜ਼ਦੂਰਾਂ ਦੀ ਮੌਤ ਦੇ ਮਾਮਲੇ ਵਿਚ ਸਬੰਧਿਤ ਠੇਕੇਦਾਰ ਵਲੋਂ ਵਰਤੀ ਅਣਗਹਿਲੀ ਦੇ ਦੋਸ਼ ਹੇਠ ਠੇਕੇਦਾਰ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ | ਅੱਜ ਸਵੇਰੇ ਪਿੰਡ ਫਰਵਾਹੀ ਵਿਚ ਮਕਾਨ ਦੇ ਢਹਿਣ ਕਰ ਕੇ ਸੁੱਤੇ ਪਏ ਮਜ਼ਦੂਰਾਂ ਦੇ ਮਲਬੇ ਥੱਲ੍ਹੇ ਆਉਣ ਕਰਕੇ ਤਿੰਨ ਮਜ਼ਦੂਰਾਂ ਦੀ ਮੌਤ ਦੀ ਘਟਨਾ ਵਾਪਰੀ ਹੈ | ਇਸ ਘਟਨਾ ਦੀ ਸੂਚਨਾ ਮਿਲਣ 'ਤੇ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਦੇ ਨਿਰਦਸ਼ਾਂ ਉੱਤੇ ਤਹਿਸੀਲਦਾਰ ਬਰਨਾਲਾ ਕੁਲਦੀਪ ਸਿੰਘ, ਅਸਿਸਟੈਂਟ ਲੇਬਰ ਕਮਿਸ਼ਨਰ ਨਰੇਸ਼ ਗਰਗ ਸਮੇਤ ਕਿਰਤ ਵਿਭਾਗ ਅਤੇ ਪੁਲਿਸ ਟੀਮ ਘਟਨਾ ਵਾਲੇ ਸਥਾਨ ਉੱਤੇ ਪੁੱਜੀ | ਘਟਨਾ ਦੀ ਜਾਂਚ ਦੌਰਾਨ ਠੇਕੇਦਾਰ ਦੀ ਅਣਗਹਿਲੀ ਸਾਹਮਣੇ ਆਈ ਜਿਸ 'ਤੇ ਥਾਣਾ ਸਦਰ ਬਰਨਾਲਾ ਵਿਚ ਸਬੰਧਤ ਠੇਕੇਦਾਰ ਰਣਜੀਤ ਸਿੰਘ ਵਾਸੀ ਮੋਗਾ ਖਿਲਾਫ਼ ਧਾਰਾ 106 (1) ਬੀ.ਐਨ.ਐੱਸ. ਤਹਿਤ ਕੇਸ ਦਰਜ ਕਰ ਲਿਆ ਗਿਆ ਹੈ | ਇਸ ਤੋਂ ਇਲਾਵਾ ਕਿਰਤ ਵਿਭਾਗ ਵਲੋਂ ਠੇਕੇਦਾਰ ਨੂੰ ਮਜ਼ਦੂਰਾਂ ਦੇ ਪਰਿਵਾਰ ਨੂੰ ਮੁਆਵਜ਼ੇ ਸਬੰਧੀ ਨੋਟਿਸ ਅਤੇ ਚਲਾਨ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਪਿੰਡ ਫਰਵਾਹੀ ਵਿਚ ਇਹ ਘਟਨਾ ਵਿਸ਼ਾਲ ਗੋਇਲ ਨਾਮ ਦੇ ਵਿਅਕਤੀ ਦੇ ਮਕਾਨ 'ਚ ਵਾਪਰੀ ਹੈ | ਮਿ੍ਤਕ ਮਜ਼ਦੂਰਾਂ ਦੀ ਪਛਾਣ ਵਰਿੰਦਰ ਉਰਫ ਬੌਬੀ ਵਾਸੀ ਪਿੰਡ ਦੁਸਾਂਝ (ਜ਼ਿਲ੍ਹਾ ਮੋਗਾ), ਰਜਨੀਸ਼ ਸਿੰਘ ਪਿੰਡ ਡਾਲਾ (ਜ਼ਿਲ੍ਹਾ ਮੋਗਾ), ਪਿ੍ੰਸ ਵਾਸੀ ਮੋਗਾ ਵਜੋਂ ਹੋਈ ਹੈ |