ਸੰਦੌੜ, 29 ਅਪ੍ਰੈਲ (ਗੁਰਪ੍ਰੀਤ ਸਿੰਘ ਚੀਮਾ)-ਆਲ ਇੰਡੀਆ ਐਗਰੀ ਇਨਪੁਟਜ਼ ਡੀਲਰਜ਼ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ੍ਰੀ ਬਰਿੰਦਰ ਸਿੰਘ ਕਪੂਰ ਦੀ ਅਗਵਾਈ ਹੇਠ 27 ਅਪ੍ਰੈਲ ਨੂੰ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੀਆਂ ਦੁਕਾਨਾਂ ਇਕ ਦਿਨ ਲਈ ਬੰਦ ਕਰਨ ਦੇ ਕੀਤੇ ਗਏ ਐਲਾਨ ਤਹਿਤ ਅੱਜ ਜ਼ਿਲ੍ਹਾ ਮਲੇਰਕੋਟਲਾ ਵਿਚ ਆਉਂਦੀਆਂ ਮੰਡੀਆਂ ਸੰਦੌੜ, ਅਹਿਮਦਗੜ੍ਹ, ਅਮਰਗੜ੍ਹ, ਮਲੇਰਕੋਟਲਾ ਸਮੇਤ ਆਸਪਾਸ ਦੇ ਪਿੰਡਾਂ ਵਿਚ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੀਆਂ ਦੁਕਾਨਾਂ ਮੁਕੰਮਲ ਤੌਰ ਤੇ ਬੰਦ ਕੀਤੀਆਂ ਗਈਆਂ | ਐਸੋਸੀਏਸ਼ਨ ਦੇ ਜ਼ਿਲ੍ਹਾ ਮਲੇਰਕੋਟਲਾ ਦੇ ਆਗੂ ਸ੍ਰੀ ਅੰਕੁਰ ਗੋਇਲ ਅਤੇ ਰੁਪਿੰਦਰ ਸਿੰਘ ਹੈਪੀ ਅਮਰਗੜ੍ਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਲ ਇੰਡੀਆ ਐਸੋਸੀਏਸ਼ਨ ਦੇ ਸੱਦੇ ਤਹਿਤ ਅੱਜ ਜ਼ਿਲ੍ਹਾ ਮਲੇਰਕੋਟਲਾ ਅੰਦਰ ਦੁਕਾਨਦਾਰਾਂ ਨੇ ਆਪੋ ਆਪਣੀਆਂ ਦੁਕਾਨਾਂ ਬੰਦ ਕਰ ਕੇ ਇਸ ਬੰਦ ਦੇ ਸੱਦੇ ਨੂੰ ਸਫਲ ਬਣਾਇਆ ਹੈ | ਉਨ੍ਹਾਂ ਕਿਹਾ ਕਿ ਇਸ ਬੰਦ ਨਾਲ ਭਾਵੇਂ ਦੁਕਾਨਦਾਰਾਂ ਨੂੰ ਆਰਥਿਕ ਨੁਕਸਾਨ ਹੋਇਆ ਹੈ ਪਰ ਆਪਣੇ ਰੁਜ਼ਗਾਰ ਅਤੇ ਵਪਾਰ ਨੂੰ ਬਚਾਉਣ ਲਈ ਸਰਕਾਰ ਤੱਕ ਆਪਣਾ ਰੋਸ ਦਿਖਾਉਣਾ ਵੀ ਜ਼ਰੂਰੀ ਸੀ | ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸਾਡੀਆਂ ਜਾਇਜ਼ ਮੰਗਾਂ ਨਾ ਮੰਨਣ ਕਾਰਨ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੇ ਨਵੇਂ ਨਵੇਂ ਕਾਨੂੰਨ ਲਿਆਉਣ ਕਰ ਕੇ ਦੇਸ਼ ਭਰ ਦੇ ਡੀਲਰਾਂ ਨੂੰ ਕਾਰੋਬਾਰ ਕਰਨਾ ਬਹੁਤ ਹੀ ਮੁਸ਼ਕਲ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਖਾਦ, ਬੀਜ ਜਾਂ ਕੀੜੇਮਾਰ ਦਵਾਈਆਂ ਦੇ ਸੈਂਪਲ ਗੈਰ ਮਿਆਰੀ ਆਉਣ ਤੇ ਸਿਰਫ਼ ਸਬੰਧਤ ਕੰਪਨੀ ਉੱਪਰ ਹੀ ਕਾਨੂੰਨੀ ਕਾਰਵਾਈ ਕਰਨਾ, ਖਾਦਾਂ ਦੇ ਨਾਲ ਟੈਗਿੰਗ ਰੋਕਣਾ, ਡੀਲਰ, ਡਿਸਟ੍ਰੀਬਿਊਟਰ ਨੂੰ ਵਾਜਬ ਮਾਰਜਿਨ ਦੇਣਾ ਅਤੇ ਹਰੇਕ ਖਾਦ ਰਿਟੇਲ ਪੁਆਇੰਟ ਤੱਕ ਪਹੁੰਚ ਕਰਨਾ ਵਰਗੇ ਮਸਲੇ ਤਾਂ ਪਹਿਲਾਂ ਹੀ ਚੱਲ ਰਹੇ ਹਨ ਤੇ ਹੁਣ ਸਰਕਾਰ ਵੱਲੋਂ ਖਾਦਾਂ ਦੀ ਵਿੱਕਰੀ ਲਈ ਇਕ ਟੋਕਨ ਪ੍ਰਣਾਲੀ ਸ਼ੁਰੂ ਕੀਤੀ ਜਾ ਰਹੀ ਹੈ | ਇਸ ਕਰ ਕੇ ਆਲ ਇੰਡੀਆ ਐਸੋਸੀਏਸ਼ਨ ਵੱਲੋਂ ਅੱਜ ਇਕ ਦਿਨ ਦੀ ਹੜਤਾਲ ਕੀਤੀ ਗਈ ਹੈ |