18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਐਫ.ਸੀ.ਆਈ. ਦੇ ਗੁਦਾਮਾਂ ਵਿਚੋਂ ਪਿਛਲੇ ਸਾਲਾਂ ਦੇ ਚੌਲ ਨਾ ਚੁੱਕੇ ਜਾਣ ਕਾਰਨ ਰੁਕ-ਰੁਕ ਕੇ ਹੋ ਰਹੀ ਹੈ ਝੋਨੇ ਦੀ ਮਿਲਿੰਗ <br/>

ਅਜੀਤ ਡੈਸਕ 30-04-2026
ਸੰਗਰੂਰ, 29 ਅਪ੍ਰੈਲ (ਧੀਰਜ ਪਸ਼ੌਰੀਆ) - ਐਫ.ਸੀ.ਆਈ. ਦੇ ਗੁਦਾਮਾਂ ਵਿੱਚ ਚੌਲ ਲਗਾਉਣ ਲਈ ਜਗ੍ਹਾ ਨਾ ਮਿਲਣ ਕਾਰਨ ਸ਼ੈਲਰ ਮਾਲਕਾਂ ਦੀਆਂ ਪਰੇਸ਼ਾਨੀਆਂ ਲਗਾਤਾਰ ਵਧ ਰਹੀਆਂ ਹਨ | ਸੰਗਰੂਰ ਅਤੇ ਭਵਾਨੀਗੜ੍ਹ ਵਿੱਚ ਸਥਿਤ ਗੁਦਾਮਾਂ ਵਿੱਚ ਚੌਲ ਲਗਾਉਣ ਲਈ ਜਗ੍ਹਾ ਨਾ ਹੋਣ ਕਾਰਨ ਕਈ ਸ਼ੈਲਰ ਮਾਲਕ ਬਾਹਰੀ ਰਾਜਾਂ ਵਿੱਚ ਸਥਿਤ ਐਫ.ਸੀ.ਆਈ. ਦੇ ਗੁਦਾਮਾਂ ਵਿੱਚ ਚੌਲ ਲਗਵਾਉਣ ਲਈ ਮਜਬੂਰ ਹਨ ਬੇਸ਼ੱਕ ਉਨ੍ਹਾਂ ਦਾ ਇੱਕ ਟਰੱਕ ਮਗਰ 30 ਤੋਂ 35 ਹਜ਼ਾਰ ਤੱਕ ਦਾ ਖ਼ਰਚ ਆ ਰਿਹਾ ਹੈ ਪਰ ਉਹ ਫਿਰ ਵੀ ਆਪਣਾ ਖਹਿੜਾ ਛਡਵਾਉਣਾ ਚਾਹੁੰਦੇ ਹਨ | ਜ਼ਿਕਰਯੋਗ ਹੈ ਕਿ ਐਫ.ਸੀ.ਆਈ. ਦੇ ਗੁਦਾਮਾਂ ਵਿੱਚ ਅਜੇ ਤੱਕ 2023-24 ਦਾ ਚੌਲ ਵੀ ਪਿਆ ਹੈ | ਚਾਲੂ ਸੀਜ਼ਨ ਦੀ ਗੱਲ ਕਰੀਏ ਤਾਂ ਐਫ.ਸੀ.ਆਈ. ਦੇ ਨਿਯਮਾਂ ਮੁਤਾਬਕ ਸਾਲ 2025-26 ਦੇ ਝੋਨੇ ਦੀ ਮਿਲਿੰਗ ਦਾ ਕੰਮ 31 ਮਾਰਚ ਤੱਕ ਮੁਕੰਮਲ ਹੋ ਜਾਣਾ ਸੀ ਪਰ ਅਪ੍ਰੈਲ ਦਾ ਮਹੀਨਾ ਬੀਤ ਜਾਣ ਦੇ ਬਾਵਜੂਦ ਸਿਰਫ਼ 40 ਪ੍ਰਤੀਸ਼ਤ ਝੋਨੇ ਦੀ ਮਿਲਿੰਗ ਹੀ ਹੋ ਸਕੀ ਹੈ | ਇਹ ਪ੍ਰਗਟਾਵਾ ਕਰਦਿਆਂ ਲੋਕਲ ਸ਼ੈਲਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਟੀਟੂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਪੰਜਾਬ ਦੇ ਗੁਦਾਮਾਂ ਵਿੱਚੋਂ ਪਿਛਲੇ ਸਾਲਾਂ ਦਾ ਚੌਲ ਨਹੀਂ ਚੁੱਕਿਆ ਜਾ ਰਿਹਾ ਹੈ, ਨਤੀਜਣ ਨਵੇਂ ਸੀਜ਼ਨ ਦੇ ਚੌਲ ਲੱਗਣ ਲਈ ਇਨ੍ਹਾਂ ਗੁਦਾਮਾਂ ਵਿੱਚ ਜਗ੍ਹਾ ਨਹੀਂ ਹੈ ਜਾਂ ਇਹ ਕਹਿ ਲਿਆ ਜਾਵੇ ਕਿ ਚੌਲ ਚੁੱਕ ਕੇ ਜਾਣ ਦੀ ਰਫ਼ਤਾਰ ਬਹੁਤ ਧੀਮੀ ਹੈ | ਪੂਰੇ ਅਪ੍ਰੈਲ ਮਹੀਨੇ ਵਿੱਚ ਸੰਗਰੂਰ ਅਤੇ ਭਵਾਨੀਗੜ੍ਹ ਦੇ ਸ਼ੈਲਰਾਂ ਵਿੱਚੋਂ ਸਿਰਫ਼ 17-17 ਚੱਕੇ ਹੀ ਚਾਵਲਾ ਦੇ ਚੁੱਕੇ ਗਏ ਹਨ | ਚੌਲ ਚੁੱਕੇ ਜਾਣ ਦੀ ਇਸ ਧੀਮੀ ਰਫ਼ਤਾਰ ਕਾਰਨ ਹੀ ਸ਼ੈਲਰਾਂ ਵਿੱਚ ਪਏ 2025 -26 ਦੇ ਝੋਨੇ ਦੀ ਮਿਲਿੰਗ ਰੁਕ ਰੁਕ ਕੇ ਹੋ ਰਹੀ ਹੈ ਜਿਸ ਦਾ ਖ਼ਮਿਆਜ਼ਾ ਸ਼ੈਲਰ ਮਾਲਕਾਂ ਨੂੰ ਭੁਗਤਣਾ ਪੈ ਰਿਹਾ ਹੈ | ਜਿਸ ਮਿਲਿੰਗ ਦੇ ਸੀਜ਼ਨ ਨੇ 31 ਮਾਰਚ ਤੱਕ ਮੁਕੰਮਲ ਹੋ ਜਾਣਾ ਹੁੰਦਾ ਹੈ, ਉਸ ਸੀਜ਼ਨ ਦੇ ਕਰੀਬ ਇੱਕ ਸਾਲ ਚੱਲਣ ਕਾਰਨ ਸ਼ੈਲਰਾਂ ਦਾ ਖਰਚਾ ਵਧ ਜਾਂਦਾ ਹੈ | ਇਸ ਦੇ ਨਾਲ ਹੀ ਲੰਮਾ ਸਮਾਂ ਖੁੱਲੇ੍ਹ ਵਿੱਚ ਪਏ ਰਹੇ ਕਾਰਨ ਝੋਨੇ ਦਾ ਜਿੱਥੇ ਵਜ਼ਨ ਘਟਦਾ ਹੈ ਉਥੇ ਉਹ ਬਦਰੰਗ ਵੀ ਹੋ ਜਾਂਦਾ ਹੈ ਜਿਸ ਦਾ ਸਾਰਾ ਖ਼ਮਿਆਜ਼ਾ ਸ਼ੈਲਰ ਮਾਲਕਾਂ ਨੂੰ ਭੁਗਤਣਾ ਪੈਂਦਾ ਹੈ | ਇਹੀ ਕਾਰਨ ਹੈ ਕਿ ਪੰਜਾਬ ਦਾ ਸ਼ੈਲਰ ਉਦਯੋਗ ਲਗਾਤਾਰ ਬਰਬਾਦੀ ਵੱਲ ਵਧ ਰਿਹਾ ਹੈ | ਸ਼ੈਲਰ ਉਦਯੋਗ ਜੋ ਪੰਜਾਬ ਦੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੈ ਅੱਜ ਹੌਲੀ ਹੌਲੀ ਉਸ ਨੂੰ ਤਾਲੇ ਲੱਗਣ ਜਾ ਰਹੇ ਹਨ | ਵਰਿੰਦਰਪਾਲ ਸਿੰਘ ਟੀਟੂ ਨੇ ਕਿਹਾ ਕਿ ਇਹ ਸਭ ਕੁੱਝ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਗੁਦਾਮਾਂ ਵਿੱਚੋਂ ਚੌਲ ਨਾ ਚੁੱਕੇ ਜਾਣ ਕਾਰਨ ਹੋ ਰਿਹਾ ਹੈ ਜਦ ਕਿ ਗੁਆਂਢੀ ਸੂਬੇ ਹਰਿਆਣਾ ਵਿੱਚ ਅਜਿਹੀ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਉੱਥੋਂ ਦੀ ਸਰਕਾਰ ਸ਼ੈਲਰ ਮਾਲਕਾਂ ਦੀ ਪੈਰਵੀ ਕਰਦੀ ਹੈ ਪਰ ਸਾਡੇ ਸੂਬੇ ਪੰਜਾਬ ਦੀ ਸਰਕਾਰ ਪੈਰਵੀ ਕਰਨਾ ਤਾਂ ਦੂਰ ਦੀ ਗੱਲ ਸ਼ੈਲਰ ਵਾਲਿਆਂ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੈ | ਉਨ੍ਹਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੋਨਾਂ ਤੋਂ ਮੰਗ ਕੀਤੀ ਕਿ ਪੰਜਾਬ ਦੇ ਗੁਦਾਮਾਂ ਵਿੱਚ ਪਏ ਚੌਲ ਨੂੰ ਚੁੱਕੇ ਜਾਣ ਦੀ ਰਫ਼ਤਾਰ ਨੂੰ ਵਧਾਇਆ ਜਾਵੇ | ਬੇਸ਼ੱਕ ਚੌਲ ਪੰਜਾਬ ਦੇ ਗੁਦਾਮਾਂ ਵਿੱਚ ਰਖਵਾ ਲਿਆ ਜਾਵੇ ਬੇਸ਼ੱਕ ਬਾਹਰੀ ਰਾਜਾਂ ਦੇ ਗੁਦਾਮਾਂ ਵਿੱਚ, ਉਨ੍ਹਾਂ ਦੀ ਇਹੀ ਮੰਗ ਹੈ ਕਿ ਉਨ੍ਹਾਂ ਨੂੰ ਫ਼ਾਰਗ ਕੀਤਾ ਜਾਵੇ | ਉਨ੍ਹਾਂ ਹੋਰ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ 1 ਜੂਨ ਤੋਂ ਝੋਨੇ ਦੀ ਲਵਾਈ ਦਾ ਐਲਾਨ ਤਾਂ ਕਰ ਦਿੱਤਾ ਹੈ ਪਰ ਪੰਜਾਬ ਦੇ ਗੁਦਾਮਾ ਵਿੱਚ ਪਏ ਚੌਲ ਚੁਕਵਾਉਣ ਦੇ ਮਾਮਲੇ ਵਿੱਚ ਚੁੱਪੀ ਵੱਟੀਂ ਹੋਈ ਹੈ | ਟੀਟੂ ਨੇ ਹੋਰ ਕਿਹਾ ਕਿ ਜਦੋਂ ਦੇਰੀ ਨਾਲ ਝੋਨੇ ਦੀ ਮਿਲਿੰਗ ਹੁੰਦੀ ਹੈ ਤਾਂ ਚੌਲ ਦਾ ਵਜ਼ਨ ਘਟਨਾ ਸੁਭਾਵਿਕ ਹੈ ਇਸ ਲਈ ਘਟੇ ਵਜ਼ਨ ਕਾਰਨ ਸ਼ੈਲਰ ਮਾਲਕਾ ਨੂੰ ਇਸ ਬਦਲੇ ਰਿਆਇਤ ਦਿੱਤੀ ਜਾਵੇ | ਇਨ੍ਹਾਂ ਵਿਚਾਰਾਂ ਦੀ ਦਿਨੇਸ਼ ਗੋਇਲ ਬਬਲੂ, ਜੋਗਿੰਦਰ ਕੁਮਾਰ ਨਿਕਾ, ਪਰਮਜੀਤ ਸ਼ਰਮਾ, ਕਾਮਲ ਨਰੇਸ਼ ਮਿੱਤਲ ਰਾਜੀਵ ਗਰਗ ਰੈਂਪੂ, ਕਿ੍ਸ਼ਨ ਬਾਂਸਲ ਬੱਬੂ, ਨਰਿੰਦਰ ਸਿੰਘ, ਭਿੰਦਰ ਸਿੰਘ, ਗੁਰਮੇਲ ਸਿੰਘ ਬਡਰੁੱਖਾਂ, ਸੌਰਵ ਗੋਇਲ, ਅੰਕਰ ਅੰਮਿ੍ਤ, ਜਤਿੰਦਰ ਪੋਂਪਾ, ਅੰਕਿਤ, ਕਾਲਾ ਗੁਪਤਾ, ਗੋਰਾ, ਆਸੂ, ਗਗਨ ਘਾਬਦਾਂ, ਅਸ਼ਵਨੀ ਜੋਨੀ, ਗੋਰੀ, ਮਿੰਕੂ, ਜੋਨੀ ਅਨਮੋਲ, ਹਰਪ੍ਰੀਤ ਸਿੰਘ ਢੀਂਡਸਾ, ਭੋਲਾ ਸਿੰਘ, ਰਾਜੇਸ਼ ਪਾਲ, ਦੀਪਕ ਰਾਜੂ, ਗੁਰਚੇਤ ਸਿੰਘ, ਤਰਸੇਮ ਜਿੰਦਲ ਅਤੇ ਹੋਰਨਾਂ ਨੇ ਪਰੋੜਤਾ ਕੀਤੀ ਹੈ |

ਪਿਛਲੀ ਖ਼ਬਰ ਕੈਮਿਸਟਾਂ ਵਲੋਂ ਦਵਾਈਆਂ ਦੀ ਆਨਲਾਈਨ ਵਿਕਰੀ ਤੇ ਕਾਰਪੋਰੇਟ ਕੰਪਨੀਆਂ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਐਲਾਨ <br/> ਅਗਲੀ ਖ਼ਬਰ ਸੰਗਰੂਰ ਦੇ 17 ਸੈਕਟਰ 'ਚ ਟਰੈਫ਼ਿਕ ਪੁਲਿਸ ਨੇ ਹੁੱਲੜਬਾਜ਼ਾਂ ਨੂੰ ਪਾਈਆਂ ਭਾਜੜਾਂ, 160 ਤੋਂ ਵਧ ਦੇ ਕੱਟੇ ਚਾਲਾਨ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।